Khalistani flag hoisted : ਮੋਗਾ ਵਿਖੇ ਮਿਨੀ ਸਕੱਤਰੇਤ ਦੀ ਪੰਜਵੀਂ ਮੰਜ਼ਿਲ ’ਤੇ ਖਾਲਿਸਤਾਨ ਦਾ ਝੰਡਾ ਲਗਾਉਣ ਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਮਾਮਲੇ ਵਿਚ ਆਖਿਰਕਾਰ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚ ਇਕ ਮੁਕਤਸਰ ਵਿਚ ਤਾਇਨਾਤ ਸਬ-ਇੰਸਪੈਕਟਰ ਦਾ ਬੇਟਾ ਹੈ, ਜਦਕਿ ਦੋ ਉਸ ਦੇ ਸਾਥੀ ਹਨ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਚੌਥੇ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਜਸਪਾਲ ਸਿੰਘ ਤੇ ਇੰਦਰਜੀਤ ਸਿੰਘ ਨੇ ਪੰਜਵੀਂ ਮੰਜ਼ਿਲ ’ਤੇ ਝੰਡਾ ਲਗਾਇਆ ਸੀ। ਦੋਵੇਂ ਮੋਗਾ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਹਨ, ਜਦਕਿ ਫਿਰੋਜ਼ਪੁਰ ਦੇ ਪਿੰਡ ਸਾਧੂਵਾਲਾ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ ਸੀ। ਜਸਪਾਲ ਸਿੰਘ ਦੇ ਪਿਤਾ ਚਮਕੌਰ ਸਿੰਘ ਮੁਕਤਸਰ ਵਿਚ ਸਬ-ਇੰਸਪੈਕਟਰ ਵਜੋਂ ਤਾਇਨਾਤ ਹਨ। ਜਸਪਾਲ ਪਿੰਡ ਰੌਲੀ ਵਿਚ ਹੀ ਫੋਟੋਸਟੇਟ ਦੀ ਦੁਕਾਨ ਚਲਾਉਂਦਾ ਹੈ। ਇੰਦਰਜੀਤ ਦਾ ਉਸ ਦੇ ਕੋਲ ਆਉਣਾ-ਜਾਣਾ ਸੀ।
ਪੁਲਿਸ ਦੇ ਦਬਾਅ ’ਚ ਆਕਾਸ਼ਦੀਪ ਨੇ ਆਤਮਸਮਰਪਣ ਕਰ ਦਿੱਤਾ। ਉਸੇ ਨੇ ਪੁੱਛ-ਗਿੱਛ ਵਿਚ ਜਸਪਾਲ ਅਤੇ ਇੰਦਰਜੀਤ ਦਾ ਨਾਂ ਲਿਆ। ਤਿੰਨਾਂ ਨੇ ਪੁੱਛਗਿੱਛ ਵਿਚ ਰੇਕੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਘਟਨਾ ਤੋਂ ਪਹਿਲਾਂ ਦੋਸ਼ੀਆਂ ਨੇ ਇਮਾਰਤ ਦੀ ਰੇਕੀ ਕੀਤੀ ਸੀ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਤਾਂ ਦੋ ਨੌਜਵਾਨ ਪੌੜ੍ਹੀਆਂ ਤੋਂ ਉਤਰਦੇ ਦਿਖਾਈ ਦਿੱਤੇ। ਇਥੇ ਦੋ ਨੌਜਵਾਨ ਇਕ ਦਿਨ ਪਹਿਲਾਂ ਵੀ ਪੌੜੀਆਂ ਤੋਂ ਉਤਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਤਾ ਲੱਗਾ ਕਿ ਇਨ੍ਹਾਂ ਨੌਜਵਾਨਾਂ ਨੇ ਇਮਾਰਤ ਦੀ ਰੇਕੀ ਕੀਤੀ ਸੀ। ਜ਼ਿਲ੍ਹਾ ਮੁੱਖ ਦਫਤਰ ਵਿਚ ਤਾਇਨਾਤ ਸੁਰੱਖਿਆ ਕਰਮਚਾਰੀ ਦੋਨੋਂ ਦਿਨ ਗਾਇਬ ਸਨ। ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਇਥੇ ਤਾਇਨਾਤ ਤਿੰਨੋਂ ਏਐਸਆਈ ਲਵਿੰਦਰ ਸਿੰਘ, ਨਿਰਮਲ ਸਿੰਘ ਤੇ ਮੱਖਣ ਸਿੰਘ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ। ਪੁਲਿਸ ਇਸ ਮਾਮਲੇ ਵਿਚ ਦੋ ਦਿਨ ਵਿਚ ਲਗਭਗ 25 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ। ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਕਿਸ ਦੇ ਕਹਿਣ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਪਿੱਛੇ ਉਨ੍ਹਾਂ ਦਾ ਕੀ ਮਕਸਦ ਹੈ ਡੀਐਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਅਹਿਮ ਸੁਰਾਗ ਹੱਥ ਲੱਗੇ ਸਨ।
ਦੱਸਣਯੋਗ ਹੈ ਕਿ 14 ਅਗਸਤ ਨੂੰ ਲਗਭਗ ਸਵਾ ਅੱਠ ਵਜੇ ਤਿੰਨ ਨੌਜਵਾਨਾਂ ਨੇ ਮਿਨੀ ਸਕੱਤਰੇਤ ਦੀ ਪੰਜਵੀਂ ਮੰਜ਼ਿਲ ’ਤੇ ਚੜ੍ਹ ਕੇ ਖਾਲਿਸਤਾਨ ਦਾ ਝੰਡਾ ਲਗਾਇਆ ਅਤੇ ਦੇਸ਼ ਵਿਰੋਧੀ ਨਾਅਰੇ ਲਗਾਏ ਸਨ। ਬਾਅਦ ’ਚ ਹੇਠਾਂ ਆ ਕੇ ਉਨ੍ਹਾਂ ਨੇ ਡੀਸੀ ਆਫਿਸ ਦੇ ਸਾਹਮਣੇ ਲੱਗੇ ਕੌਮੀ ਝੰਡੇ ਦੀ ਡੋਰੀ ਕੱਟ ਦਿੱਤਾ। ਝੰਡਾ ਹੇਠਾਂ ਡਿਗਣ ’ਤੇ ਉਸ ਨੂੰ ਫਾੜ ਕੇ ਆਪਣੇ ਨਾਲ ਲਾ ਗਏ ਸਨ। ਇਕ ਨੌਜਵਾਨ ਨੇ ਇਸ ਦੀ ਵੀਡੀਓ ਬਣਾ ਕੇ ਕੁਝ ਹੀ ਘੰਟਿਆਂ ਬਾਅਦ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਵਾਇਰਲ ਕਰ ਦਿੱਤਾ।