Kiran Kher PA apologizes : ਚੰਡੀਗੜ੍ਹ : ਬੀਤੇ ਦਿਨੀਂ ਸੰਸਦ ਮੈਂਬਰ ਕਿਰਨ ਖੇਰ ਨੂੰ ਹੱਥ ਵਿੱਚ ਫਰੈਕਚਰ ਹੋਣ ਦੇ ਚੱਲਦਿਆਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਸਹਿਦੇਵ ਸਰਾਈਆ ਨੇ ਨਰਸਿੰਗ ਸਟਾਫ ਦੇ ਮੈਂਬਰ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ‘ਤੇ ਨਰਸਿੰਗ ਐਸੋਸੀਏਸ਼ਨ ਵੱਲੋਂ ਇਸ ਸੰਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਦਿੱਤੀ ਗਈ ਹੈ। ਹੁਣ ਇਹ ਮਾਮਲਾ ਸਲਾਰੀਆ ਤੇ ਨਰਸਿੰਗ ਅਫਸਰ ਦੀ ਆਪਸੀ ਸਹਿਮਤੀ ਨਾਲ ਸ਼ਾਂਤ ਹੋ ਗਿਆ ਹੈ। ਪੀਏ ਨੇ ਨਰਸਿੰਗ ਅਫਸਰ ਤੋਂ ਮਾਫੀ ਮੰਗ ਲਈ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਨਿਪਟਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੰਸਦ ਮੈਂਬਰ ਨੂੰ ਸ਼ੁੱਕਰਵਾਰ ਸਵੇਰੇ 11:30 ਵਜੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ -32 ਤੋਂ ਡਿਸਚਾਰਜ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਸਵੇਰੇ ਕਰੀਬ 11 ਵਜੇ ਸੰਸਦ ਮੈਂਬਰ ਕਿਰਨ ਖੇਰ ਦੇ ਘਰ ਡਿੱਗਣ ਕਾਰਨ ਉਸਦੇ ਹੱਥ ਵਿੱਚ ਫਰੈਕਚਰ ਹੋ ਗਿਆ ਸੀ, ਜਿਸ ਕਾਰਨ ਉਸਨੂੰ ਜੀਐਮਸੀਐਚ -32 ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਜੀਐਮਸੀਐਚ -32 ਦੇ ਸੀ ਬਲਾਕ ਦੀ ਸੱਤਵੀਂ ਮੰਜ਼ਲ ਦੇ ਪ੍ਰਾਈਵੇਟ ਵਾਰਡ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੇ ਹੱਥ ਦੀ ਸਰਜਰੀ ਜੀਐਮਸੀਐਚ -32 ਦੇ ਆਰਥੋਪੀਡਿਕਸ ਵਿਭਾਗ ਦੇ ਮੁੱਖ ਡਾਕਟਰ ਸੁਧੀਰ ਗਰਗ ਨੇ ਕੀਤੀ ਸੀ।
ਵੀਰਵਾਰ ਲਗਭਗ ਅੱਠ ਵਜੇ ਜਦੋਂ ਸੰਸਦ ਮੈਂਬਰ ਕਿਰਨ ਖੇਰ ਦੇ ਇਲਾਜ ਦੌਰਾਨ ਉਨ੍ਹਾਂ ਦੇ ਸਿਆਸੀ ਸਲਾਹਕਾਰ ਸਹਿਦੇਵ ਸਲਾਰੀਆ ਉਨ੍ਹਾਂ ਦੇ ਨਾਲ ਸੀ। ਜਦੋਂ ਸੰਸਦ ਮੈਂਬਰ ਨੂੰ ਸਰਜਰੀ ਤੋਂ ਬਾਅਦ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਤਾਂ ਇੱਕ ਮੇਲ ਨਰਸਿੰਗ ਅਧਿਕਾਰੀ ਹੇਮੰਤ ਦਰਮਿਆਨ ਉਸ ਦੀ ਬਹਿਸ ਹੋਈ। ਇਸ ‘ਤੇ ਐਮਪੀ ਦੇ ਰਾਜਨੀਤਿਕ ਸਲਾਹਕਾਰ ਨੇ ਮੇਲ ਨਰਸਿੰਗ ਅਫਸਰ ‘ਤੇ ਹੱਥ ਚੁੱਕ ਦਿੱਤਾ ਸੀ। ਇਹ ਮਾਮਲਾ ਜਦੋਂ ਜ਼ਿਆਦਾ ਹੀ ਭਖਿਆ ਤਾਂ ਜੀਐਮਸੀਐਚ -32 ਦੇ ਹਸਪਤਾਲ ਪ੍ਰਸ਼ਾਸਨ ਨੇ ਇਸ ਸੰਬੰਧੀ ਕਾਰਵਾਈ ਲਈ ਹਸਪਤਾਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਹਾਲਾਂਕਿ ਸਟਾਫ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਲਈ ਸਿਆਸੀ ਦਬਾਅ ਵੀ ਬਣਾਇਆ ਜਾ ਰਿਹਾ ਸੀ ਪਰ ਜਦੋਂ ਪੂਰੇ ਸਟਾਫ ਨੇ ਇਸ ਦੀ ਸ਼ਿਕਾਇਤ ਲਿਖਤੀ ਤੌਰ ‘ਤੇ ਕੀਤੀ ਤਾਂ ਪੀਏ ਨੇ ਫੋਨ ਕਰਕੇ ਨਰਸਿੰਗ ਅਫਸਰ ਤੋਂ ਮਾਫੀ ਮੰਗੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਨਿਪਟਾ ਦਿੱਤਾ ਗਿਆ।