Lab Technician and HDFC : ਮਲੋਟ ਵਿਚ ਸਿਵਲ ਹਸਪਤਾਲ ਦੇ ਇਕ ਲੈਬ ਟੈਕਨੀਸ਼ੀਅਨ ਅਤੇ ਭਵਾਨੀਗੜ੍ਹ ਤੋਂ ਇਕ HDFC ਬੈਂਕ ਦੇ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੈਬ ਟੈਕਨੀਸ਼ੀਅਨ ਨੇ ਸੈੱਲ ਘਟਣ ਕਰਕੇ ਆਪਣਾ ਕੋਰੋਨਾ ਟੈਸਟ ਲਈ ਵੀ ਸੈਂਪਲ ਦਿੱਤਾ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ। ਲੈਬ ਟੈਕਨੀਸ਼ੀਅਨ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਹਸਪਤਾਲ ਵਿਚ ਇਸ ਦੇ ਨਾਲ ਸਟਾਫ ਵਿਚ 6 ਮਹਿਲਾ ਸਾਥੀ ਵੀ ਹਨ, ਜਦਕਿ ਟੀਬੀ ਡਿਪਾਰਮੈਂਟ ਦਾ ਮੁਲਾਜ਼ਮ ਹੈ। ਇਨ੍ਹਾਂ ਤੋਂ ਇਲਾਵਾ ਕੁਝ ਡਾਕਟਰ ਵੀ ਲੈਬ ਟੈਕਨੀਸ਼ੀਅਨ ਦੇ ਸੰਪਰਕ ਵਿਚ ਆਏ ਸਨ, ਜਿਨ੍ਹਾਂ ਸਣੇ ਹੋਰ ਸੰਪਰਕ ਵਿਚ ਆਏ ਸਟਾਫ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਉਕਤ ਮਰੀਜ਼ ਦੇ ਪਰਿਵਾਰ ਨੂੰ ਵੀ ਕੁਆਰੰਟਾਈਨ ਕਰਨ ਦੇ ਨਾਲ-ਨਾਲ ਉਸ ਦਾ ਇਕ ਸਾਥੀ ਜਿਸ ਦੇ ਨਾਲ ਉਹ ਆਪਣੇ ਅਬੋਹਰ ਸਥਿਤ ਘਰ ਆਉਂਦਾ ਸੀ, ਦੇ ਸਾਂਝੇ ਪਰਿਵਾਰ ਜਿਸ ਵਿਚ ਲਗਭਗ 15 ਮੈਂਬਰ ਹਨ, ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੈਬ ਟੈਕਨੀਸ਼ੀਅਨ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਪਛਾਣ ਕਰਕੇ ਸੈਂਪਲ ਲਏ ਜਾਣਗੇ। ਇਸ ਸਮੇਂ ਉਕਤ ਮਰੀਜ਼ ਨੂੰ ਜਲਾਲਾਬਾਦ ਦੇ ਕੋਵਿਡ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਉਧਰ ਭਵਾਨੀਗੜ੍ਹ ਸ਼ਹਿਰ ਦੀ HDFC ਬੈਂਕ ਬ੍ਰਾਂਚ ਵਿਚ ਕੰਮ ਕਰਦੇ ਇਕ ਹੋਰ ਕਰਮਚਾਰੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਦੀ ਪੁਸ਼ਟੀ ਕਰਦਿਆਂ ਹੈਲਤ ਇੰਸਪੈਕਟਰ ਕਾਕਾ ਰਾਮਸ਼ਰਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਬੈਂਕ ਵਿਚ ਕੰਮ ਕਰਦੀ ਇਕ ਮਹਿਲਾ ਕਰਮਚਾਰੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬ੍ਰਾਂਚ ਮੈਨੇਜਰ ਸਣੇ ਬੈਂਕ ਵਿਚ ਕੰਮ ਕਰਦੇ 22 ਮੁਲਾਜ਼ਮਾਂ ਦੇ ਵੀ ਕੋਰੋਨਾ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਇਸ ਕਰਮਚਾਰੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ।