ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ PSPCL ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਲਾਈਨਮੈਨ ਨੂੰ ਪਿੰਡ ਬਜੀਦਪੁਰ ਕੱਟਿਆਂਵਾਲੀ ਵਾਸੀ ਪ੍ਰਦੀਪ ਕੁਮਾਰ, ਜੋ ਆਪਣੇ ਪਿੰਡ ਵਿੱਚ ਬਾਲਾਜੀ ਮਿਲਕ ਸੈਂਟਰ ਚਲਾਉਂਦਾ ਹੈ, ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਫ਼ਿਰੋਜ਼ਪੁਰ ਰੇਂਜ ਫ਼ਾਜ਼ਿਲਕਾ ਦੇ ਵਿਜੀਲੈਂਸ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਈਨਮੈਨ ਮਹਿੰਦਰ ਕੁਮਾਰ ਨੇ ਬਾਲਾਜੀ ਮਿਲਕ ਸੈਂਟਰ ਦੇ ਅਪ੍ਰੈਲ ਮਹੀਨੇ ਦੇ 73790 ਦੇ ਬਿਜਲੀ ਬਿੱਲ ਦਾ ਨਿਪਟਾਰਾ ਕਰਨ ਲਈ 40,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਇਸ ਸਾਲ ਫਰਵਰੀ ਮਹੀਨੇ ਦਾ 52,360 ਰੁਪਏ ਦਾ ਬਿਜਲੀ ਦਾ ਬਿੱਲ ਆਇਆ ਸੀ ਅਤੇ ਉਕਤ ਲਾਈਨਮੈਨ ਨੇ ਉਸ ਤੋਂ 21,000 ਰੁਪਏ ਸੈਟਲਮੈਂਟ ਲਈ ਲਏ ਸਨ, ਪਰ ਜਦੋਂ ਅਪਰੈਲ ਮਹੀਨੇ ਉਸ ਨੂੰ 73,790 ਰੁਪਏ ਦਾ ਬਿੱਲ ਆ ਗਿਆ, ਬਾਅਦ ਵਿੱਚ ਪਤਾ ਲੱਗਾ ਕਿ ਫਰਵਰੀ ਦਾ ਬਿੱਲ ਵੀ ਅਪਰੈਲ ਮਹੀਨੇ ਦੇ ਬਿੱਲ ਵਿੱਚ ਸ਼ਾਮਲ ਸੀ, ਇਸ ਲਈ ਜਦੋਂ ਉਸ ਨੇ ਦੁਬਾਰਾ ਲਾਈਨਮੈਨ ਨਾਲ ਸੰਪਰਕ ਕੀਤਾ ਤਾਂ ਉਸ ਨੇ 40 ਹਜ਼ਾਰ ਰੁਪਏ ਹੋਰ ਮੰਗੇ।
ਇਹ ਵੀ ਪੜ੍ਹੋ : ਅਹੁਦਾ ਛੱਡਣ ਮਗਰੋਂ ਗਿਆਨੀ ਹਰਪ੍ਰੀਤ ਦਾ ਪਹਿਲਾ ਬਿਆਨ, ਬੋਲੇ- ‘ਵਲਟੋਹਾ ਨੂੰ ਬਣਾ ਦਿਓ ਦਮਦਮਾ ਸਾਹਿਬ ਦਾ ਜਥੇਦਾਰ’
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਇਸ ਸਬੰਧੀ ਫਿਰੋਜ਼ਪੁਰ ਰੇਂਜ ਦੇ ਥਾਣਾ ਵੀ.ਬੀ. ਵਿਖੇ ਦੋਸ਼ੀ ਲਾਈਨਮੈਨ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: