Living with a lover reached : ਤਲਾਕ ਤੋਂ ਬਿਨਾਂ ਆਪਣੇ ਪ੍ਰੇਮੀ ਨਾਲ ਸਹਿਮਤੀ ਨਾਲ ਸੰਬੰਧ ਵਿੱਚ ਰਹਿ ਰਹੀ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਜਾਨ ਦਾ ਖਤਰਾ ਦੱਸ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਰੱਖਿਆ ਲਈ ਅਰਜ਼ੀ ਪਾਈ। ਹਾਈਕੋਰਟ ਦੇ ਹਾਈ ਕੋਰਟ ਦੇ ਜਸਟਿਸ ਮਨੋਜ ਬਜਾਜ ਨੇ ਪਟੀਸ਼ਨ ਖਾਰਿਜ ਕਰਦਿਆਂ ਔਰਤ ਨੂੰ ਝਾੜ ਪਾਈ। ਇਸ ਤੋਂ ਬਾਅਦ ਵਿਆਹੁਤਾ ਅਤੇ ਉਸਦੇ ਪ੍ਰੇਮੀ ‘ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾ ਦਿੱਤਾ।
ਵਿਆਹੁਤਾ ਔਰਤ ਸੋਨੂੰ ਅਤੇ ਉਸ ਦੇ ਪ੍ਰੇਮੀ ਸੁਖਵੀਰ ਸਿੰਘ ਨੇ ਸੋਨੂੰ ਦੇ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਸੋਨੂੰ ਨੇ ਕਿਹਾ ਕਿ ਉਸ ਦਾ ਵਿਆਹ ਗੁਰਜੀਤ ਸਿੰਘ ਨਾਲ ਹੋਇਆ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਛੇ ਮਹੀਨੇ ਪਹਿਲਾਂ ਉਹ ਸੁਖਵੀਰ ਸਿੰਘ ਦੇ ਸੰਪਰਕ ਵਿੱਚ ਆਈ ਸੀ ਅਤੇ ਦੋਵਾਂ ਵਿੱਚ ਪ੍ਰੇਮ ਹੋ ਗਿਆ। ਜਦੋਂ ਸੋਨੂੰ ਦੇ ਪਤੀ ਅਤੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਸੋਨੂੰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੋਵਾਂ ਨੇ ਇਸ ਬਾਰੇ ਪਟਿਆਲਾ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਜਿਸ ਕਾਰਨ ਦੋਵਾਂ ਨੇ ਹਾਈ ਕੋਰਟ ਪਹੁੰਚ ਕੀਤੀ।
ਪਟੀਸ਼ਨ ‘ਤੇ ਸੁਣਵਾਈ ਦੌਰਾਨ ਜਸਟਿਸ ਮਨੋਜ ਬਜਾਜ ਨੇ ਕਿਹਾ ਕਿ ਅਜਿਹੇ ਸੰਬੰਧ ਤਲਾਕ ਤੋਂ ਬਿਨਾਂ ਜਾਇਜ਼ ਨਹੀਂ ਮੰਨੇ ਜਾ ਸਕਦੇ। ਇਹ ਇਕ ਅਪਵਿੱਤਰ ਗਠਜੋੜ ਹੈ। ਇਸ ਤੋਂ ਇਲਾਵਾ ਪਟੀਸ਼ਨ ਬਿਨਾਂ ਕਿਸੇ ਠੋਸ ਅਧਾਰ ਦੇ ਦਾਇਰ ਕੀਤੀ ਗਈ ਹੈ, ਜੋ ਕਿ ਕਾਨੂੰਨੀ ਅਧਿਕਾਰਾਂ ਦੀ ਦੁਰਵਰਤੋਂ ਹੈ। ਹਾਈ ਕੋਰਟ ਨੇ ਪਟੀਸ਼ਨ ਖਾਰਿਜ ਕਰ ਦਿੱਤੀ ਅਤੇ ਵਿਆਹੁਤਾ ਅਤੇ ਉਸਦੇ ਪ੍ਰੇਮੀ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਕੋਲ 25,000 ਰੁਪਏ ਜੁਰਮਾਨਾ ਜਮ੍ਹਾ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਹਾਈ ਕੋਰਟ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਟਿਆਲਾ ਨੂੰ ਜੁਰਮਾਨੇ ਦੀ ਰਕਮ ਦੀ ਵਸੂਲੀ ਅਤੇ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।