Ludhiana has less than 600 corona : ਲੁਧਿਆਣਾ ਵਿੱਚ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਅਤੇ ਮ੍ਰਿਤਕਾਂ ਦੇ ਅੰਕੜੇ ਹੇਠਾਂ ਵੱਲ ਆਉਣੇ ਸ਼ੁਰੂ ਹੋ ਗਏ ਹਨ। ਸ਼ਨੀਵਾਰ ਥੋੜ੍ਹਾ ਰਾਹਤ ਭਰਿਆ ਦਿਨ ਸੀ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 665 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 582 ਮਰੀਜ਼ ਜ਼ਿਲ੍ਹਾ ਲੁਧਿਆਣਾ ਦੇ ਹਨ।
ਮਈ ਵਿਚ ਇਹ ਪਹਿਲੀ ਵਾਰ ਹੈ ਜਦੋਂ ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲੇ 600 ਤੋਂ ਘੱਟ ਸਾਹਮਣੇ ਆਏ ਹੈ, ਜੋ ਰਾਹਤ ਦੀ ਗੱਲ ਹੈ। ਦੂਜੇ ਜ਼ਿਲ੍ਹਿਆਂ ਦੇ 83 ਵਿਅਕਤੀਆਂ ਦੇ ਸੈਂਪਲ ਵੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ 22 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚ 17 ਜ਼ਿਲ੍ਹੇ ਲੁਧਿਆਣਾ ਨਾਲ ਸਬੰਧਤ ਹਨ ਜਦੋਂਕਿ ਪੰਜ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।
ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 80421 ਤੱਕ ਪਹੁੰਚ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 1854 ਤੱਕ ਪਹੁੰਚ ਗਈ ਹੈ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 9355 ਹੈ। ਇਸ ਸਮੇਂ ਹੋਮ ਆਈਸੋਲੇਸ਼ਨ ਵਿਚ 7664, ਸਰਕਾਰੀ ਹਸਪਤਾਲਾਂ ਵਿੱਚ 189 ਅਤੇ ਨਿੱਜੀ ਹਸਪਤਾਲਾਂ ਵਿਚ 937 ਵਿਅਕਤੀ ਹਨ।
ਸ਼ਨੀਵਾਰ ਤੱਕ ਵੈਂਟੀਲੇਟਰ ‘ਤੇ 51 ਲੋਕ ਰਹੇ, ਜਿਨ੍ਹਾਂ ਵਿੱਚ 28 ਲੁਧਿਆਣਾ ਅਤੇ 23 ਹੋਰ ਜ਼ਿਲ੍ਹਿਆਂ ਦੇ ਸਨ। ਉਥੇ ਹੀ ਹੁਣ ਤੱਕ 69212 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ 31 ਮਈ ਤੱਕ ਲਾਗੂ ਰਹੇਗਾ ਕਰਫਿਊ, ਦੁਕਾਨਾਂ ਤੇ ਦਫਤਰ ਖੋਲ੍ਹਣ ਦਾ ਬਦਲਿਆ ਸਮਾਂ
ਦੱਸ ਦੇਈਏ ਕਿ ਲੁਧਿਆਣਾ ਵਿੱਚ ਕੋਰੋਨਾ ਕਰਫਿਊ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਜ਼ਿਲ੍ਹਾ ਨਿਵਾਸੀਆਂ ਕੁਝ ਰਾਹਤ ਦਿੱਤੀ ਹੈ। ਜਿਸ ਮੁਤਾਬਕ 24 ਮਈ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕਰਫਿਊ ਵਿੱਚ ਸਾਰੀਆਂ ਦੁਕਾਨਾਂ, ਸਾਰੇ ਨਿੱਜੀ ਦਫਤਰਾਂ ਅਤੇ ਸਾਰੇ ਨਿੱਜੀ ਅਦਾਰਿਆਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਿਆ ਜਾ ਸਕੇਗਾ।