Majithia strongly condemned : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ‘ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਖਬਰਾਂ ਪਾਉਣ ਲਈ ਮਾਮਲੇ ਦਰਜ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਅਖਵਾਉਣ ਵਾਲੇ ‘ਮੀਡੀਆ’ ਦੀ ਆਵਾਜ਼ ਦਬਾਉਣ ਲਈ ਪੱਤਰਕਾਰਾਂ ‘ਤੇ ਕੇਸ ਦਰਜ ਕਰਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਰਹੀ ਹੈ, ਜਿਸ ਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਪੱਤਰਕਾਰ ਭਾਈਚਾਰੇ ਨਾਲ ਮੋਢਾ ਲਗਾ ਕੇ ਖੜ੍ਹਾ ਹੈ, ਜਿੱਥੇ ਵੀ ਪੱਤਰਕਾਰ ਵੀਰਾਂ ਨੂੰ ਸਾਡੀ ਲੋੜ ਪਵੇਗੀ, ਅਸੀਂ ਉਨ੍ਹਾਂ ਦਾ ਸਾਥ ਦੇਣ ਲਈ ਹਮੇਸ਼ਾ ਹਾਜ਼ਰ ਹਾਂ।
ਮਜੀਠੀਆ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸੜਕਾਂ ‘ਤੇ ਬੈਠੇ ਹੋਏ ਹਨ ਅਤੇ ਜੇਕਰ ਉਨ੍ਹਾਂ ਸੱਚਾਈ ਸਾਹਮਣੇ ਲਿਆਉਣ ਦੀ ਪੱਤਰਕਾਰ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ‘ਤੇ ਗੰਭੀਰ ਧਾਰਾਵਾਂ ਲਗਾ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਜੋ ਲੋਕਤੰਤਰ ਨਹੀਂ ਸਗੋਂ ਪੂਰੀ ਤਰ੍ਹਾਂ ਤਾਨਾਸ਼ਾਹੀ ਹੈ। ਪੱਤਰਕਾਰਾਂ ਦੀ ਸੁਤੰਤਰਤਾ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੱਤਰਕਾਰਾਂ ਤੋਂ ਇਹ ਮਾਮਲੇ ਵਾਪਿਸ ਲਏ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਦਾ ਸਾਥ ਦੇਣ ਲਈ ਉਹ ਹਮੇਸ਼ਾ ਤਿਆਰ ਹਨ।
ਦੱਸਣਯੋਗ ਹੈ ਕਿ ਛੇ ਪੱਤਰਕਾਰਾਂ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਾਇਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਰਾਜਦੀਪ ਸਰਦੇਸਾਈ, ਮ੍ਰਿਣਾਲ ਪਾਂਡੇ, ਪਰੇਸ਼ਨਾਥ, ਜਫਰ ਆਗਾ, ਅਨੰਤ ਨਾਥ, ਦੇ ਵਿਨੋਦ ਕੇ ਜੋਸ ਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਗਣਤੰਤਰ ਦਿਵਸ ‘ਤੇ ਆਯੋਜਿਤ ਕੀਤੇ ਗਏ ਕਿਸਾਨ ਟਰੈਕਟਰ ਮਾਰਚ ਨਾਲ ਸੰਬੰਧਤ ਸੋਸ਼ਲ ਮੀਡੀਆ ‘ਤੇ ਗਲਤ ਖ਼ਬਰਾਂ ਪੋਸਟ ਕਰਨ ਦਾ ਦੋਸ਼ ਲਗਾਏ ਗਏ ਹਨ ਹੈ। ਉਨ੍ਹਾਂ ਉੱਤੇ ਰਾਜਧ੍ਰੋਹ, ਅਪਰਾਧਿਕ ਸਾਜ਼ਿਸ਼ਨ ਰਚਨ ਵਰਗੇ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਕਈ ਪ੍ਰੈੱਸ ਸੰਗਠਨਾਂ ਵੱਲੋਂ ਵੀ ਉਨ੍ਹਾਂ ‘ਤੇ ਮਾਮਲਾ ਦਰਜ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਨੀਵਾਰ ਸ਼ਾਮ ਨੂੰ ਸਿੰਘੂ ਬਾਰਡਰ ਤੋਂ ਇੱਕ ਆਜ਼ਾਦ ਪੱਤਰਕਾਰ ਨੂੰ ਵੀ ਗ੍ਰਿਫਤਾਰ ਕੀਤੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਹਨ। ਐਤਵਾਰ ਦੁਪਹਿਰ ਨੂੰ ਪੁਨੀਆ ਨੂੰ ਮੈਟਰੋਪਾਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।