Major decisions taken by SGPC : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ’ਚ ਪਾਰਦਰਸ਼ਿਤਾ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕੋਵਿਡ-19 ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਮਹੱਤਵਪੂਰਨ ਫੈਸਲੇ ਲਏ ਗਏ ਜਿਸ ਅਧੀਨ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ਼ ਵੱਲਾ ਅਤੇ ਸ਼ਹੀਦਾਂ ਸਾਹਿਬ ਨੇੜੇ ਗੁਰੂ ਰਾਮਦਾਸ ਹਸਪਤਾਲ਼ ’ਚ 2 ਨਵੇਂ ਜਨਰੇਟਰ ਲਗਾਏ ਜਾਣਗੇ। ਪਹਿਲਾਂ ਇਕੋ ਕੰਪਨੀ ਨੂੰ ਇੱਕ ਕਰੋੜ ਚਾਰ ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ, ਹੁਣ ਹਰ ਜ਼ਿਲ੍ਹੇ ’ਚ ਵੱਖੋ-ਵੱਖਰੇ ਸੀਏ ਕੰਮ ਕਰਨਗੇ ਅਤੇ ਸਿਰਫ 49 ਲੱਖ ਰੁਪਏ ਦਿੱਤੇ ਜਾਣਗੇ।
ਹਵਾ ’ਚੋ ਆਕਸੀਜਨ ਤਿਆਰ ਕਰਨ ਲਈ 200 ਕੰਸਨਟ੍ਰੇਟਰ ਖਰੀਦੇ ਜਾਣਗੇ। ਆਲਮਗੀਰ ਸਾਹਿਬ ’ਚ 100 ਬੈੱਡ ਦਾ ਕੋਰੋਨਾ ਵਾਰਡ ਕੱਲ੍ਹ ਤੋਂ ਸ਼ੁਰੂ ਕੀਤਾ ਜਾਵੇਗਾ। ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ਼ ਵੱਲਾ ’ਚ ਇੱਕ ਹਫਤੇ ’ਚ ਤਰਲ ਆਕਸੀਜਨ (Liquiod Oxygen Plant) ਦਾ ਪਲਾਂਟ ਸ਼ੁਰੂ ਕੀਤਾ ਜਾਵੇਗਾ। ਆਕਸੀਜਨ ਪਲਾਂਟ ਲਈ ਲੋੜੀਂਦਾ ਜਨਰੇਟਰ ਖਰੀਦਿਆ ਗਿਆ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਜਰਾਤ ਤੋਂ ਸਖਤ ਸੁਰੱਖਿਆ ਹੇਠ Liquid Oxygen ਲਿਆਂਦੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਦੋਵਾਂ ਹਸਪਤਾਲਾਂ ‘ਚ ਆਕਸੀਜਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਮੂਹ ਸਕੂਲਾਂ, ਕਾਲਜਾਂ ਅਤੇ ਗੁਰੂਦੁਆਰਾ ਸਾਹਿਬਾਨ ਦੇ ਮਾਸਿਕ ਆਡਿਟ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ’ਚ ਹਰ ਮਹੀਨੇ ਦੀ 10 ਤਰੀਕ ਨੂੰ ਆਡਿਟ ਰਿਪੋਰਟ ਪੇਸ਼ ਕੀਤੀ ਜਾਵੇਗੀ।