Major negligence of doctors in Moga : ਮੋਗਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਇਲਾਜ ਲਈ ਤੜਫਦੀ ਰਹੀ ਪਰ ਉਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕਈ ਵਾਰ ਉਸ ਦਾ ਇਲਾਜ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਔਰਤ ਦੀ ਸਰਜਰੀ ਵਿੱਚ ਦੇਰ ਹੋਣ ਕਰਕੇ ਉਸ ਦੀ ਮੌਤ ਹੋਈ, ਜਿਸ ਦੇ ਲਈ ਉਨ੍ਹਾਂ ਡਾਕਟਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਨੇ ਪਿੰਡ ਸਿੰਘਾਵਾਲਾ ਦੀ ਵਸਨੀਕ ਰਜਨੀ ਕੌਰ ‘ਤੇ ਅਲਟਰਾਸਾਊਂਡ ਟੈਸਟ ਕੀਤਾ ਅਤੇ ਇਸ ਵਿੱਚ ਪਤਾ ਲੱਗ ਕਿ ਉਸ ਦੇ ਭਰੂਣ ਅੰਦਰ ਹੀ ਖਤਮ ਹੋ ਗਿਆ ਹੈ। ਔਰਤ ਦੇ ਪਤੀ ਅੰਗਰੇਜ ਸਿੰਘ ਅਤੇ ਉਸ ਦੀ ਮਾਂ ਵੀਰ ਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਤੁਰੰਤ ਸਰਜਰੀ ਕਰਨ ਅਤੇ ਉਸ ਦੀ ਜਾਨ ਬਚਾਉਣ ਦੀ ਅਪੀਲ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਵੀਰ ਪਾਲ ਨੇ ਦਾਅਵਾ ਕੀਤਾ ਕਿ ਉਸਦੀ ਨੂੰਹ ਦਰਦ ਨਾਲ ਤੜਫ ਰਹੀ ਸੀ ਪਰ ਡਾਕਟਰਾਂ ਨੇ ਉਸਦਾ ਸਹੀ ਸਮੇਂ ’ਤੇ ਇਲਾਜ ਨਹੀਂ ਕੀਤਾ, ਜਿਸ ਨਾਲ ਉਸ ਦੀ ਜਾਨ ਚਲੀ ਗਈ।
ਬਾਅਦ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਲਾਪਰਵਾਹੀ ਕਾਰਨ ਮੌਤ ਦਾ ਕਾਰਨ ਬਣਨ ਵਾਲੇ ਡਾਕਟਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ, ਗਾਇਨੀਕੋਲੋਜਿਸਟ ਡਾ. ਸਿਮਰਤ ਖੋਸਾ ਨੇ ਦੋਸ਼ਾਂ ਦਾ ਖੰਡਨ ਕੀਤਾ ਕਿ ਮਰੀਜ਼ ਦਾ ਬਲੱਡ ਪ੍ਰੈਸ਼ਰ ਆਮ ਹੈ ਅਤੇ ਬਿਮਾਰੀ ਦਾ ਕੋਈ ਇਤਿਹਾਸ ਨਹੀਂ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਾਏ ਜਾਣ ਵਾਲੇ ਕੱਲ੍ਹ ਪੋਸਟ ਮਾਰਟਮ ਤੋਂ ਬਾਅਦ ਹੋਵੇਗਾ।