Manpreet is now becoming a farmer friendly : ਸ਼੍ਰੋਮਣੀ ਅਕਾਲੀ ਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਕਿਸਾਨਾਂ ਦੀ ਪਿੱਠ ’ਤੇ ਵਾਰ ਕਰਕੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਨਹੀਂ ਕਰਨੇ ਚਾਹੀਦੇ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਪਾਰਟੀ ਦੇ ਖਜ਼ਾਨਚੀ ਅਤੇ ਬੁਲਾਰੇ ਸ਼੍ਰੀ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਮਨਪ੍ਰੀਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਮੁੰਬਈ ਵਿੱਚ ਐਨਆਈਟੀਆਈ ਆਯੋਜਨ ਵੱਲੋਂ ਬਣਾਈ ਮੁੱਖ ਮੰਤਰੀਆਂ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਵਾਲੇ ਮਨਪ੍ਰੀਤ ਬਾਦਲ ਹੁਣ ਆਪਣੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰ ਰਹੇ ਹਨ, ਜਦਕਿ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਇਸ ਮੀਟਿੰਗ ਵਿੱਚ ਆਰਡੀਨੈਂਸ ਤਿਆਰ ਕਰਨ ਲਈ ਸਹਿਮਤੀ ਦਿੱਤੀ ਸੀ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਉਕਤ ਕਮੇਟੀ ਵੱਲੋਂ ਲਏ ਗਏ ਕਿਸਾਨ ਮਾਰੂ ਫੈਸਲੇ ਨੂੰ ਸਹਿਮਤੀ ਦੇਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਿਖਤੀ ਤੌਰ ’ਤੇ ਵੱਖਰਾ ਨੋਟ ਭੇਜ ਕੇ ਇਸ ਦੀ ਸਹਿਮਤੀ ਦੇ ਦਿੱਤੀ ਸੀ ਅਤੇ ਕੁਝ ਸੁਝਾਅ ਵੀ ਦਿੱਤੇ ਸਨ। ਉਨ੍ਹਾਂ ਕਿਹਾ ਕਿ ਹੁਣ ਮਨਪ੍ਰੀਤ ਸਿੰਘ ਬਾਦਲ ਨੇ ਇਨ੍ਹਾਂ ਆਰਡੀਨੈਂਸਾਂ ਬਾਰੇ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਹੁਣ ਤੱਕ ਉਹ ਚੁੱਪ ਵੱਟੀ ਬੈਠੇ ਸਨ ਕਿਉਂਕਿ ਉਨ੍ਹਾਂ ਦੇ ਮੁੰਬਈ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀਆਂ ਵੀਡੀਓ ਜਨਤਕ ਹੋ ਗਈਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ 10 ਸਤੰਬਰ 2019 ਨੂੰ ਹੀ ਪਤਾ ਲੱਗ ਗਿਆ ਸੀ ਕਿ ਅਜਿਹੇ ਆਰਡੀਨੈਂਸ ਆ ਰਹੇ ਹਨ। ਜਦੋਂ ਉਸ ਵੇਲੇ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਮੁੱਖ ਮੰਤਰੀ ਨੂੰ ਇੱਕ ਨੋਟ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਪੰਨੂੰ ਨੇ ਪੰਜਾਬ ਸਰਕਾਰ ਵੱਲੋਂ 9 ਸਤੰਬਰ 2019 ਨੂੰ ਨੀਤੀ ਕਮਿਸ਼ਨ ਵਿੱਚ ਰੱਖੀ ਗਈ ਮੀਟਿੰਗ ਵਿੱਚ ਹਿੱਸਾ ਲਿਆ ਸੀ। ਇਸ ਬੈਠਕ ਵਿਚ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਅਜਿਹੇ ਆਰਡੀਨੈਂਸ ਲੈ ਕੇ ਆ ਰਹੇ ਹਾਂ ਅਤੇ ਅਗਲੇ ਹੀ ਦਿਨ ਕਾਹਨ ਸਿੰਘ ਪੰਨੂੰ ਨੇ ਮੁੱਖ ਮੰਤਰੀ ਨੂੰ ਲਿਖੇ ਨੋਟ ਵਿਚ ਇਹ ਸਭ ਦੱਸਿਆ ਸੀ, ਪਰ ਅਮਰਿੰਦਰ ਸਿੰਘ ਕੁਝ ਬੋਲਣ ਦੀ ਬਜਾਏ 7 ਮਹੀਨੇ ਚੁੱਪ ਰਹੇ ਅਤੇ ਫਿਰ ਆਰਡੀਨੈਂਸ ਜਾਰੀ ਹੋ ਗਏ।
ਸ੍ਰੀ ਸ਼ਰਮਾ ਨੇ ਕਿਹਾ ਕਿ ਜੇ ਮੁੱਖ ਮੰਤਰੀ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਸੱਚ ਦੱਸਿਆ ਹੁੰਦਾ ਤਾਂ ਇਹ ਆਰਡੀਨੈਂਸ ਕਦੀ ਵੀ ਤਿਆਰ ਹੋਣ ਵਾਲਾ ਨਹੀਂ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵਿਰੋਧ ਕਰਨਾ ਸੀ ਅਤੇ ਹੋਰ ਹਮਖਿਆਲੀ ਪਾਰਟੀਆਂ ਵੀ ਇਸ ਦੇ ਨਾਲ ਹੋਣੀਆਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਜਾਰੀ ਕਰਨ ਲਈ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹਨ, ਜਿਸ ਨੇ ਕਿਸਾਨਾਂ ਦੀ ਪਿੱਠ ’ਤੇ ਵਾਰ ਕੀਤਾ ਹੈ ਅਤੇ ਹੁਣ ਸੱਚੇ ਹੋਣ ਦਾ ਦਾਅਵਾ ਕਰ ਰਹੇ ਹਨ।