ਜਲੰਧਰ ਪ੍ਰਸ਼ਾਸਨ ਵੱਲੋਂ ਕੋਵਿਡ-19 ਵਿਰੁੱਧ ਲੜਾਈ ਖਿਲਾਫ ਸ਼ਨੀਵਾਰ ਨੂੰ ਮੈਗਾ ਟੀਕਾਕਰਨ ਮੁਹਿੰਮ ਵਿੱਢੀ ਜਾ ਰਹੀ ਹੈ, ਜਿਸ ਵਿੱਚ ਇਕ ਦਿਨ ਵਿੱਚ ਕੋਵਿਡ-19 ਵੈਕਸੀਨ ਦੀਆਂ 50000 ਖੁਰਾਕਾਂ ਲੋਕਾਂ ਨੂੰ ਲਾਈਆਂ ਜਾਣਗੀਆਂ। ਇਸ ਮੁਹਿੰਮ ਅਧੀਨ 80 ਮੋਬਾਇਲ ਟੀਮਾਂ ਨੂੰ ਪੂਰੇ ਜ਼ਿਲ੍ਹੇ ਵਿਚ ਲਗਭਗ 140 ਸਥਾਨਾਂ ‘ਤੇ ਤਾਇਨਾਤ ਕਰਕੇ ਟੀਕਾਕਰਨ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਮੂਹ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਲਗਭਗ ਹਰ ਖੇਤਰ ਵਿੱਚ ਯੋਗ ਲਾਭਪਾਤਰੀਆਂ ਦੀ ਵੱਧ ਤੋਂ ਵੱਧ ਕਵਰੇਜ ਲਈ ਟੀਕਾਕਰਨ ਕੈਂਪ ਲਗਾਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਵੱਡੀ ਗਿਣਤੀ ਵਿੱਚ ਕੈਂਪ ਲਗਾਏ ਜਾ ਰਹੇ ਹਨ, ਜਿਥੇ ਯੋਗ ਲਾਭਪਾਤਰੀਆਂ ਨੂੰ ਲਗਭਗ 50000 ਖੁਰਾਕ ਦਿੱਤੀ ਜਾਵੇਗੀ, ਜਿਸ ਲਈ ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਜਲੰਧਰ ਪਹੁੰਚ ਚੁੱਕੀ ਹੈ। ਡੀਸੀ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪੰਜਾਬ ‘ਚ ਘਟਿਆ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ- ਮਿਲੇ 200 ਨਵੇਂ ਮਾਮਲੇ, 10 ਮਰੀਜ਼ਾਂ ਦੀ ਹੋਈ ਮੌਤ
ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥਾਂ ਦੀ ਸਫਾਈ ਸਮੇਤ ਕੋਵਿਡ-19 ਸਬੰਧੀ ਢੁੱਕਵੇਂ ਵਿਵਹਾਰ ਦੀ ਪਾਲਣਾ ਨੂੰ ਜਾਰੀ ਰੱਖਣ ਦੀ ਵੀ ਅਪੀਲ ਕੀਤੀ।