ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਵੈਸਟਇੰਡੀਜ਼ ਖਿਲਾਫ ਮੈਦਾਨ ‘ਤੇ ਉਤਰਦੇ ਹੀ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਹ ਹੁਣ ਮਹਿਲਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ । ਉਸ ਨੇ ਇਸ ਮਾਮਲੇ ਵਿੱਚ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਬੇਲਿੰਡਾ ਕਲਾਰਕ ਦਾ ਰਿਕਾਰਡ ਤੋੜ ਦਿੱਤਾ ਹੈ। ਬੇਲਿੰਡਾ ਕਲਾਰਕ ਨੇ 23 ਮੈਚਾਂ ਵਿੱਚ ਕਪਤਾਨੀ ਕੀਤੀ ਸੀ । ਮਿਤਾਲੀ ਅੱਜ ਮਹਿਲਾ ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 24ਵੀਂ ਵਾਰ ਮੈਦਾਨ ‘ਤੇ ਉਤਰੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਕਪਤਾਨੀ ਵਿੱਚ 23 ਮੈਚਾਂ ਵਿੱਚ ਭਾਰਤ ਨੇ 14 ਮੈਚ ਜਿੱਤੇ ਹਨ ਅਤੇ 8 ਮੈਚ ਹਾਰੇ ਹਨ। ਉੱਥੇ ਹੀ ਇੱਕ ਮੈਚ ਬੇ-ਨਤੀਜਾ ਰਿਹਾ ਹੈ।
ਮਿਤਾਲੀ ਓਵਰਆਲ ਵਨਡੇ ਵਿਸ਼ਵ ਕੱਪ (ਪੁਰਸ਼-ਮਹਿਲਾ) ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਭਾਰਤੀ ਖਿਡਾਰਨ ਵੀ ਬਣ ਗਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਆਪਣੀ ਕਪਤਾਨੀ ਵਿੱਚ 23 ਵਨਡੇ ਖੇਡਣ ਵਾਲੇ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦਿੱਤਾ ਹੈ। ਤੀਜੇ ਨੰਬਰ ‘ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹਨ, ਜਿਨ੍ਹਾਂ ਨੇ 17 ਮੈਚ ਖੇਡੇ ਸਨ ।
ਇਹ ਵੀ ਪੜ੍ਹੋ: ਪਾਕਿਸਤਾਨ ‘ਚ ਮਿਜ਼ਾਇਲ ਡਿੱਗਣ ‘ਤੇ ਭਾਰਤ ਨੇ ਜਤਾਇਆ ਖੇਦ, ਕਿਹਾ ‘ਗਲਤੀ ਨਾਲ ਚੱਲ ਗਈ’
2022 ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਖਿਲਾਫ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੇ ਮਿਤਾਲੀ ਦੀ ਕਪਤਾਨੀ ਵਿੱਚ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਬੱਲੇਬਾਜ਼ ਦੇ ਤੌਰ ‘ਤੇ ਇਸ ਵਿਸ਼ਵ ਕੱਪ ਵਿੱਚ ਮਿਤਾਲੀ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ। ਉਹ ਪਾਕਿਸਤਾਨ ਖਿਲਾਫ ਨੌਂ ਦੌੜਾਂ ਅਤੇ ਨਿਊਜ਼ੀਲੈਂਡ ਖਿਲਾਫ 31 ਦੌੜਾਂ ਬਣਾ ਸਕੀ। ਮਿਤਾਲੀ ਵੈਸਟਇੰਡੀਜ਼ ਖਿਲਾਫ ਸਿਰਫ ਪੰਜ ਦੌੜਾਂ ਹੀ ਬਣਾ ਸਕੀ। ਭਾਰਤ ਨੂੰ ਵਿਸ਼ਵ ਕੱਪ ਜਿੱਤਣਾ ਹੈ ਤਾਂ ਮਿਤਾਲੀ ਨੂੰ ਵੀ ਵੱਡੀ ਪਾਰੀ ਖੇਡਣੀ ਹੋਵੇਗੀ।
ਦੱਸ ਦੇਈਏ ਕਿ ਇਹ ਉਸਦਾ ਆਖਰੀ ਵਿਸ਼ਵ ਕੱਪ ਵੀ ਹੋ ਸਕਦਾ ਹੈ। ਮਿਤਾਲੀ ਵਨਡੇ ਵਿੱਚ ਦੁਨੀਆ ਦੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਹੈ। ਮਿਤਾਲੀ ਨੇ 227 ਵਨਡੇ ਮੈਚਾਂ ਦੀਆਂ 206 ਪਾਰੀਆਂ ਵਿੱਚ 7663 ਦੌੜਾਂ ਬਣਾਈਆਂ ਹਨ । ਇਸ ਵਿੱਚ 7 ਸੈਂਕੜੇ ਅਤੇ 62 ਅਰਧ ਸੈਂਕੜੇ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: