ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਮਨੁੱਖ ਨੂੰ ਕਈ ਬਿਮਾਰੀਆਂ ਹੋਣ ਦਾ ਖਤਰਾ ਹੁੰਦਾ ਹੈ, ਉੱਥੇ ਇਹ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਵੀ ਅਸਰ ਪੈਂਦਾ ਹੈ। ਅਜੋਕੇ ਸਮੇਂ ਵਿੱਚ ਪਰਾਲੀ ਦੀ ਸਹੀ ਵਰਤੋਂ ਕਿਸਾਨਾਂ ਲਈ ਇੱਕ ਚੁਣੌਤੀ ਬਣ ਗਈ ਹੈ।
ਦੂਜੇ ਪਾਸੇ ਮੋਗਾ-1 ਬਲਾਕ ਦੇ ਪਿੰਡ ਕੋਕਰੀ ਫੂਲਾ ਸਿੰਘ ਦੇ ਕਿਸਾਨ ਹਰਮਨਦੀਪ ਸਿੰਘ ਨੇ ਅਜਿਹੀਆਂ ਚੁਣੌਤੀਆਂ ਤੋਂ ਉੱਪਰ ਉੱਠ ਕੇ ਆਪਣੀ 20 ਏਕੜ ਜ਼ਮੀਨ ਵਿੱਚ 8 ਸਾਲਾਂ ਤੋਂ ਬਿਨਾਂ ਪਰਾਲੀ ਸਾੜਨ ਦੀ ਸਫਲਤਾਪੂਰਵਕ ਖੇਤੀ ਕੀਤੀ ਹੈ। ਇਹ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਸਾਧਨ ਵੀ ਹੈ।
ਹਰਮਨਦੀਪ ਸਿੰਘ 20 ਏਕੜ ਵਿੱਚ ਕਣਕ, ਆਲੂ ਅਤੇ ਝੋਨੇ ਦੀ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਪਰਾਲੀ ਨੂੰ ਮਲਚ ਕਰਕੇ ਅਤੇ ਉਲਟੀ ਵਾਹੀ ਕਰਕੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਦਾ ਹੈ, ਜਿਸ ਦਾ ਨਾ ਤਾਂ ਵਾਤਾਵਰਨ ’ਤੇ ਕੋਈ ਮਾੜਾ ਅਸਰ ਪੈਂਦਾ ਹੈ ਅਤੇ ਨਾ ਹੀ ਕਿਸਾਨ ਦੀ ਜੇਬ ’ਤੇ। ਇਸ ਤੋਂ ਇਲਾਵਾ ਇਸ ਦਾ ਫ਼ਸਲ ਦੇ ਝਾੜ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਉਸ ਨੇ ਦੱਸਿਆ ਕਿ ਇਸ ਰਾਹੀਂ ਉਸ ਦੀ ਆਲੂ ਦੀ ਫ਼ਸਲ ’ਤੇ ਪੋਟਾਸ਼, ਡੀ.ਏ.ਪੀ., ਯੂਰੀਆ ਦੀ ਲਾਗਤ ਵੀ ਅੱਧੀ ਰਹਿ ਗਈ ਹੈ।
ਕਿਸਾਨ ਹਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਦਿਲੀ ਖੁਸ਼ੀ ਹੈ ਕਿ ਉਹ ਪਿਛਲੇ 8 ਸਾਲਾਂ ਤੋਂ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਉਸ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਜ਼ਮੀਨ ਵਿੱਚ ਪਰਾਲੀ ਨੂੰ ਵਾਹ ਰਿਹਾ ਹੈ। ਇਸ ਕਾਰਨ ਅਗਲੀ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਝਾੜ ਵੀ ਵੱਧ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਰਾਲੀ ਨੂੰ ਜ਼ਮੀਨ ਵਿੱਚ ਪਾਉਣ ਨਾਲ ਮਿੱਟੀ ਹਰੀ ਭਰੀ ਹੋਈ ਹੈ ਅਤੇ ਕੁਆਲਿਟੀ ਵਿੱਚ ਵੀ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਸਕੂਲੀ ਬੱਚਿਆਂ ਨੂੰ ਲਿਜਾ ਰਿਹਾ ਈ-ਰਿਕਸ਼ਾ ਪਲਟਿਆ, ਬੱਚੀ ਡਿੱਗੀ ਬਾਹਰ, ਕਈ ਬੱਚੇ ਫੱਟੜ
ਹਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਅਸੀਂ ਸਾਰੇ ਸ਼ੁੱਧ ਵਾਤਾਵਰਨ ਵਿੱਚ ਸਾਹ ਲੈ ਸਕੀਏ।
ਵੀਡੀਓ ਲਈ ਕਲਿੱਕ ਕਰੋ : –