ਲੁਧਿਆਣਾ : ਸ਼ੁੱਕਰਵਾਰ ਤੋਂ ਮਾਨਸੂਨ ਨੇ ਪੰਜਾਬ ਤੋਂ ਰਖ਼ ਮੋੜਿਆ ਹੋਇਆ ਹੈ। ਦੋ ਦਿਨਾਂ ਤੋਂ ਲੋਕ ਪਸੀਨੇ ਨਾਲ ਤਰ-ਬ-ਤਰ ਹੋ ਰਹੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚ ਮਾਨਸੂਨ ਸਰਗਰਮ ਹੋ ਜਾਵੇਗਾ ਅਤੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਦੂਜੇ ਪਾਸੇ ਸੋਮਵਾਰ ਨੂੰ ਮਾਨਸੂਨ ਆਪਣੇ ਪੂਰੇ ਰੰਗ ਵਿੱਚ ਦਿਖਾਈ ਦੇਵੇਗਾ ਅਤੇ ਪੂਰੇ ਸੂਬੇ ਵਿੱਚ ਬਾਰਿਸ਼ ਹੋਏਗੀ, ਜਦੋਂਕਿ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਰਾਜ ਵਿੱਚ ਤਿੰਨ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਏ ਕੇ ਸਿੰਘ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਮਾਨਸੂਨ ਰਾਜ ਵਿੱਚ ਕਮਜ਼ੋਰ ਹੈ, ਪਰ ਐਤਵਾਰ ਨੂੰ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਮਾਨਸੂਨ ਬਹੁਤ ਸ਼ਕਤੀਸ਼ਾਲੀ ਹੈ, ਜਿਸ ਕਾਰਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ, ਲੁਧਿਆਣਾ, ਫਤਿਹਗੜ ਸਾਹਿਬ, ਅਨੰਦਪੁਰ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ। ਜਦੋਂ ਕਿ ਦੂਜੇ ਜ਼ਿਲ੍ਹਿਆਂ ਵਿੱਚ ਵੀ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸਦਾ ਮਤਲਬ ਹੈ ਕਿ ਪੰਜਾਬ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਸ਼ਨੀਵਾਰ ਨੂੰ ਰਾਜ ਵਿੱਚ ਕਿਤੇ ਵੀ ਮੀਂਹ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਰਮਨੀ ਦੇ ਰਾਜਦੂਤ ਹੋਏ ਨਤਮਸਤਕ
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 35.6 ਅਤੇ 28.6, ਬਠਿੰਡਾ ਵਿੱਚ 30.5 ਅਤੇ 27.0, ਪਟਿਆਲਾ ਵਿੱਚ 36.3 ਅਤੇ 28.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।