More than 80 staff : ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਵਿੱਚ ਤੜਥੱਲੀ ਮਚਾਈ ਹੋਈ ਹੈ। ਉਥੇ ਹੀ ਦਿੱਲੀ ਵਿੱਚ ਇਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਤ ਹੁਣ ਇਹ ਹੈ ਕਿ ਇਥੇ ਦੇ ਇੱਕ ਹਸਪਤਾਲ ਸਰੋਜ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਤਕਰੀਬਨ 80 ਸਿਹਤ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਦੋਂ ਕਿ ਇਕ ਡਾਕਟਰ ਏਕੇ ਰਾਵਤ ਦੀ ਸ਼ਨੀਵਾਰ ਨੂੰ ਮੌਤ ਹੋ ਗਈ।
ਉਨ੍ਹਾਂ ਨੇ ਕੋਰੋਨਾ ਟੀਕੇ ਦੀ ਇੱਕ ਖੁਰਾਕ ਵੀ ਲਈ ਸੀ। ਉਹ 58 ਸਾਲਾਂ ਦੇ ਸੀ। ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਡਾ. ਪੀ ਕੇ ਭਾਰਦਵਾਜ ਨੇ ਦੱਸਿਆ ਕਿ ਅਪ੍ਰੈਲ ਤੋਂ ਮਈ ਦੇ ਵਿਚਕਾਰ, ਤਕਰੀਬਨ 80 ਮੈਡੀਕਲ ਸਟਾਫ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਡਾਕਟਰ ਏਕੇ ਰਾਵਤ ਦੀ ਸ਼ਨੀਵਾਰ ਨੂੰ ਕੋਵਿਡ ਕਾਰਨ ਮੌਤ ਹੋ ਗਈ। ਡਾ. ਭਾਰਦਵਾਜ ਦੇ ਮੁਤਾਬਕ ਆਖਰੀ ਸਾਹ ਲੈਣ ਤੋਂ ਪਹਿਲਾਂ ਡਾ. ਰਾਵਤ ਨੇ ਇਸ ਵਾਇਰਸ ਦਾ ਜ਼ਬਰਦਸਤ ਮੁਕਾਬਲਾ ਕੀਤਾ ਸੀ। ਉਹ ਬਹਾਦਰ ਸਨ। ਆਪਣੀ ਆਖਰੀ ਗੱਲਬਾਤ ਦਾ ਜ਼ਿਕਰ ਕਰਦਿਆਂ ਡਾ. ਭਾਰਦਵਾਜ ਨੇ ਕਿਹਾ ਕਿ ਡਾ. ਰਾਵਤ ਬੇਫਿਕਰ ਸਨ ਅਤੇ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਠੀਕ ਹੋ ਜਾਵਾਂਗਾ ਕਿਉਂਕਿ ਮੈਂ ਟੀਕਾ ਲਗਵਾਇਆ ਹੈ।
ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦਿੱਲੀ ਹਸਪਤਾਲਾਂ ਦੇ ਬੈੱਡ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨਾਲੋਂ ਘੱਟ ਗਏ ਹਨ। ਹਾਲ ਹੀ ਵਿੱਚ ਕੁਝ ਨਿੱਜੀ ਹਸਪਤਾਲਾਂ ਨੇ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। ਜਿਥੇ ਉਨ੍ਹਾਂ ਨੇ ਆਕਸੀਜਨ ਦੀ ਘਾਟ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਹਾਲਾਤ ਵਿੱਚ ਕੁਝ ਸੁਧਾਰ ਹੋਇਆ ਹੈ, ਪਰ ਇਸ ਗੱਲ ਦੀ ਚਿੰਤਾ ਬਣੀ ਹੋਈ ਹੈ ਕਿ ਹਸਪਤਾਲ ਵਿੱਚ ਆਕਸੀਜਨ ਦਾ ਅਗਲਾ ਸਟਾਕ ਕਦੋਂ ਆਵੇਗਾ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਆਕਸੀਜਨ ਦੀ ਉਪਲਬਧਤਾ ਅਤੇ ਸਪਲਾਈ ਲਈ ਰਾਸ਼ਟਰੀ ਟਾਸਕ ਫੋਰਸ ਦੇ ਗਠਨ ਦੇ ਹੁਕਮ ਦਿੱਤੇ ਹਨ। ਦਿੱਲੀ ਵਿੱਚ ਕੋਰੋਨਾ ਦੇ ਹਾਲਾਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ ਦੀ ਮਿਆਦ 17 ਮਈ ਤੱਕ ਵਧਾ ਦਿੱਤੀ ਹੈ।