ਪੰਜਾਬ ਦੇ ਇੱਕ ਪਿੰਡ ਨੇ ਵੱਖ-ਵੱਖ ਧਰਮਾਂ ਹੋਣ ਦੇ ਬਾਵਜੂਦ ਏਕੇ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ ਜਿੱਥੇ ਪਿੰਡ ਵਾਸੀਆਂ ਨੇ ਮਿਲ ਕੇ ਚਾਰ ਮੁਸਲਮਾਨ ਪਰਿਵਾਰਾਂ ਲਈ ਇੱਕ ਮਸਜਿਦ ਬਣਾਉਣ ਦਾ ਫੈਸਲਾ ਕੀਤਾ ਹੈ।
ਪੰਜਾਬ ਦੇ ਮੋਗਾ ਵਿੱਚ ਸਥਿਤ ਭੁੱਲਰ ਪਿੰਡ ਦੇ ਇਨ੍ਹਾਂ 4 ਮੁਸਲਿਮ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇਸ਼ ਦੀ ਵੰਡ ਤੋਂ ਬਾਅਦ ਇਸ ਪਿੰਡ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ।
ਪਿੰਡ ਵਿੱਚ ਸੱਤ ਗੁਰੂਦੁਆਰੇ ਅਤੇ ਦੋ ਮੰਦਰ ਹਨ ਪਰ ਮੁਸਲਮਾਨ ਪਰਿਵਾਰਾਂ ਲਈ ਕੋਈ ਮਸਜਿਦ ਨਹੀਂ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕ ਦੂਜੇ ਦੀ ਸਹਾਇਤਾ ਨਾਲ ਮਸਜਿਦ ਬਣਾਉਣ ਦਾ ਫੈਸਲਾ ਕੀਤਾ। ਪਿੰਡ ਵਾਸੀਆਂ ਨੇ ਮਸਜਿਦ ਲਈ 100 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਸਮਰਥਨ ਦਿੱਤਾ ਹੈ।
ਮਸਜਿਦ ਦੇ ਨੀਂਹ ਪੱਥਰ ਲਈ ਪਹਿਲੀ ਇੱਟ ਐਤਵਾਰ ਸਵੇਰੇ ਰੱਖੀ ਜਾਣੀ ਸੀ ਪਰ ਭਾਰੀ ਬਾਰਿਸ਼ ਕਾਰਨ ਪ੍ਰੋਗਰਾਮ ਵਿੱਚ ਵਿਘਨ ਪੈ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਫੈਸਲਾ ਲਿਆ ਕਿ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਨੂੰ ਨੇੜਲੇ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਸਾਰਿਆਂ ਨੂੰ ਗੁਰੂਦੁਆਰੇ ਬੁਲਾਇਆ ਅਤੇ ਲੰਗਰ ਵੀ ਉਥੇ ਲਗਾਇਆ ਗਿਆ।
ਪਿੰਡ ਦੇ ਸਰਪੰਚ ਦੇ ਹਵਾਲੇ ਨਾਲ ਕਿਹਾ ਕਿ 1947 ਦੀ ਵੰਡ ਤੋਂ ਪਹਿਲਾਂ ਪਿੰਡ ਵਿਚ ਇਕ ਮਸਜਿਦ ਮੌਜੂਦ ਸੀ, ਪਰ ਸਮੇਂ ਦੇ ਨਾਲ ਇਹ ਖਰਾਬ ਹੋ ਗਈ। ਪਿੰਡ ਵਿੱਚ 4 ਮੁਸਲਿਮ ਪਰਿਵਾਰ ਹਨ ਜਿਨ੍ਹਾਂ ਨੇ ਉਸ ਸਮੇਂ ਇੱਥੇ ਰਹਿਣ ਦਾ ਫੈਸਲਾ ਕੀਤਾ ਸੀ ਅਤੇ ਉਦੋਂ ਤੋਂ ਹਿੰਦੂ ਮੁਸਲਿਮ ਅਤੇ ਸਿੱਖ ਪਰਿਵਾਰ ਪਿੰਡ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ। ਸਾਰਿਆਂ ਨੇ ਮਿਲ ਕੇ ਪ੍ਰਬੰਧ ਕੀਤੇ।
ਇਹ ਵੀ ਪੜ੍ਹੋ : ਕੋਟਕਪੂਰਾ ਫਾਇਰਿੰਗ ਮਾਮਲਾ : ਹੁਣ SIT ਖੁਦ ਆਏਗੀ ਵੱਡੇ ਬਾਦਲ ਕੋਲ, ਇਸ ਤਰੀਕ ਨੂੰ ਹੋਵੇਗੀ ਪੁੱਛ-ਗਿੱਛ
ਸਰਪੰਚ ਨੇ ਅੱਗੇ ਕਿਹਾ ਕਿ ਪਿੰਡ ਵਾਲੇ ਚਾਹੁੰਦੇ ਹਨ ਕਿ ਮੁਸਲਿਮ ਪਰਿਵਾਰਾਂ ਕੋਲ ਵੀ ਆਪਣੇ ਇਬਾਤ ਵਾਲਾ ਸਥਾਨ ਹੋਵੇ। ਇਸ ਲਈ ਇਹ ਫੈਸਲਾ ਕੀਤਾ ਗਿਆ ਸੀ ਕਿ ਇਕ ਮਸਜਿਦ ਨੂੰ ਉਸੇ ਜਗ੍ਹਾ ‘ਤੇ ਦੁਬਾਰਾ ਬਣਾਇਆ ਜਾਵੇਗਾ ਜਿੱਥੇ ਮਸਜਿਦ ਪਹਿਲਾਂ ਤੋਂ ਮੌਜੂਦ ਸੀ।
ਇਸ ਤੋਂ ਬਾਅਦ ਸਾਰੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਮਿਲ ਕੇ ਚੀਜ਼ਾਂ ਦਾ ਇੰਤਜ਼ਾਮ ਕੀਤਾ। ਸਾਰੇ ਪਿੰਡ ਵਾਲੇ ਪ੍ਰੋਗਰਾਮ ਦੇ ਆਯੋਜਨ ਵਿੱਚ ਸ਼ਾਮਲ ਹੋਏ, ਚਾਹੇ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ। ਸਰਪੰਚ ਨੇ ਦੱਸਿਆ ਕਿ ਤਿਆਰ ਹੋ ਜਾਣ ਤੋਂ ਬਾਅਦ ਪਿੰਡ ਵਿੱਚ ਇਹ ਦਸਵਾਂ ਪੂਜਾ ਸਥਾਨ ਹੋਵੇਗਾ।