MP from Fatehgarh Sahib : ਫਤਿਹਗੜ ਸਾਹਿਬ : ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਫਤਿਹਗੜ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ ਵੀ ਹੁਣ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਰਿਪੋਰਟ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਸੰਸਦ ਮੈਂਬਰ ਨੇ ਖੁਦ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਇਸ ਸਮੇਂ ਸੰਸਦ ਮੈਂਬਰ ਦੀ ਸਿਹਤ ਚੰਗੀ ਦੱਸੀ ਜਾ ਰਹੀ ਹੈ ਅਤੇ ਉਹ ਦਿੱਲੀ ਵਿਚ ਆਪਣੀ ਸਰਕਾਰੀ ਕੋਠੀ ਵਿਚ ਆਈਸੋਲੇਟ ਹਨ।
ਸੰਸਦ ਮੈਂਬਰ ਅਮਰ ਸਿੰਘ ਰਾਏਕੋਟ ਤੋਂ ਲੋਕ ਸਭਾ ਸੈਸ਼ਨ ਵਿੱਚ ਹਿੱਸਾ ਲੈਣ ਲਈ ਦਿੱਲੀ ਗਏ ਹੋਏ ਸਨ। ਉਹ ਸੈਸ਼ਨ ਵਿਚ ਸ਼ਾਮਲ ਹੋ ਕੇ ਲੋਕ ਸਭਾ ਵਿਚ ਸਪੀਕਰ ਅੱਗੇ ਲੋਕ ਹਿੱਤਾਂ ਦੇ ਮੁੱਦਿਆਂ ਨੂੰ ਲਗਾਤਾਰ ਪੇਸ਼ ਕਰਦੇ ਆ ਰਹੇ ਸਨ। ਇਸ ਦੌਰਾਨ ਜਦੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ। ਸੰਸਦ ਮੈਂਬਰ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਇਸ ਦੀ ਜਾਣਕਾਰੀ ਦਿੱਲੀ ਦੇ ਸਿਹਤ ਵਿਭਾਗ ਨੇ ਪੰਜਾਬ ਨੂੰ ਵੀ ਦਿੱਤੀ ਹੈ।
ਇੰਨਾ ਹੀ ਨਹੀਂ ਦਿੱਲੀ ਵਿੱਚ ਸੰਸਦ ਮੈਂਬਰ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਸੂਚੀ ਬਣਾਉਂਦੇ ਹੋਏ ਉਨ੍ਹਾਂ ਦੇ ਟੈਸਟ ਕਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਫਤਹਿਗੜ ਸਾਹਿਬ ਅਤੇ ਰਾਏਕੋਟ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਸੰਸਦ ਮੈਂਬਰਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਦੀ ਸੂਚੀ ਤਿਆਰ ਕਰਕੇ ਸੈਂਪਲ ਲਏ ਜਾਣਗੇ। ਜੇ ਕਿਸੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਂਦੀ ਹੈ ਤਾਂ ਉਸ ਨੂੰ ਸਿਹਤ ਮੁਤਾਬਕ ਜਾਂ ਤਾਂ ਘਰ ਵਿੱਚ ਆਈਸੋਲੇਟ ਹੋਣਾ ਪਏਗਾ ਜਾਂ ਫਿਰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇਗਾ।