MS Dhoni retires: ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਵਧੀਆ ਕ੍ਰਿਕਟਰਾਂ ਵਿੱਚੋਂ ਇੱਕ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਬਾਰੇ ਕਈ ਮਹੀਨਿਆਂ ਤੋਂ ਅਟਕਲਾਂ ਚੱਲ ਰਹੀਆਂ ਹਨ । ਧੋਨੀ ਨੇ ਆਖਰੀ ਵਾਰ ਜੁਲਾਈ 2019 ਵਿੱਚ ਨਿਊਜ਼ੀਲੈਂਡ ਖਿਲਾਫ਼ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਸੀ । ਉਸ ਸਮੇਂ ਤੋਂ ਧੋਨੀ ਲਗਾਤਾਰ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ । ਧੋਨੀ ਦੇ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕ੍ਰਿਕਟਰ ਨੂੰ ਹੋਰ ਖੇਡਦੇ ਵੇਖਣਾ ਚਾਹੁੰਦੇ ਹਨ, ਪਰ ਧੋਨੀ ਦੇ ਸੰਨਿਆਸ ਲੈਣ ਦੀਆਂ ਅਫਵਾਹਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਫੈਲ ਗਈਆਂ ਅਤੇ ਲਗਾਤਾਰ ਟ੍ਰੈਂਡ ਹੋਣ ਲੱਗ ਗਈਆਂ ਹਨ ।
ਦਰਅਸਲ, ਬੁੱਧਵਾਰ ਨੂੰ ਅਚਾਨਕ ਟਵਿੱਟਰ ‘ਤੇ #DhoniRetires ਟ੍ਰੈਂਡ ਹੋਣ ਲੱਗ ਗਿਆ । ਇਸ ਨੂੰ ਵੇਖਦਿਆਂ ਹੀ ਧੋਨੀ ਦੇ ਪ੍ਰਸ਼ੰਸਕ ਭਾਵੁਕ ਵੀ ਹੋ ਗਏ ਅਤੇ ਉਨ੍ਹਾਂ ਨੂੰ ਸ਼ਾਨਦਾਰ ਕਰੀਅਰ ਲਈ ਯਾਦ ਕੀਤਾ । ਉੱਥੇ ਹੀ ਬਹੁਤ ਸਾਰੇ ਪ੍ਰਸ਼ੰਸਕ ਇਸ ਅਫਵਾਹ ਤੋਂ ਬਹੁਤ ਨਾਰਾਜ਼ ਦਿਖੇ ਅਤੇ ਧੋਨੀ ਦੇ ਸਮਰਥਨ ਵਿੱਚ ਉਤਰ ਆਏ ਅਤੇ ਉਨ੍ਹਾਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ।
ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਧੋਨੀ ਦੇ ਸੰਨਿਆਸ ਦੀਆਂ ਅਫਵਾਹਾਂ ਇਸ ਤਰ੍ਹਾਂ ਫੈਲੀਆਂ ਸਨ । ਪਿਛਲੇ ਸਾਲ ਵਰਲਡ ਕੱਪ ਹੋਣ ਤੋਂ ਬਾਅਦ ਤੋਂ ਹੀ ਧੋਨੀ ਦੀ ਰਿਟਾਇਰਮੈਂਟ ਦੀਆਂ ਅਫਵਾਹਾਂ ਟਵਿੱਟਰ ‘ਤੇ ਘੱਟੋ-ਘੱਟ 2-3 ਵਾਰ ਫੈਲੀਆਂ ਸਨ । ਇਕ ਵਾਰ ਤਾਂ ਖੁਦ ਸਾਕਸ਼ੀ ਧੋਨੀ ਨੇ ਅੱਗੇ ਆ ਕੇ ਅਜਿਹੀਆਂ ਖ਼ਬਰਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ ।
ਦੱਸ ਦੇਈਏ ਕਿ ਧੋਨੀ ਨੂੰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਮੈਦਾਨ ਵਿੱਚ ਵਾਪਸੀ ਕਰਨੀ ਸੀ । ਧੋਨੀ ਨੇ ਆਪਣੀ ਟੀਮ ਚੇੱਨਈ ਸੁਪਰ ਕਿੰਗਜ਼ ਦੇ ਸਾਥੀ ਖਿਡਾਰੀਆਂ ਨਾਲ ਚੇੱਨਈ ਦੇ ਚੇਪੌਕ ਸਟੇਡੀਅਮ ਵਿੱਚ ਇੱਕ ਸਿਖਲਾਈ ਕੈਂਪ ਵਿੱਚ ਵੀ ਹਿੱਸਾ ਲਿਆ ਅਤੇ ਲਗਾਤਾਰ ਅਭਿਆਸ ਕਰ ਰਹੇ ਸੀ । ਇਸ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵਾਂ ਦੇ ਕਾਰਨ ਬੀਸੀਸੀਆਈ ਨੇ ਆਈਪੀਐਲ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ, ਜਿਸ ਕਾਰਨ ਧੋਨੀ ਨੂੰ ਵਾਪਸ ਪਿਚ ‘ਤੇ ਦੇਖਣ ਦਾ ਇੰਤਜ਼ਾਰ ਵੱਧ ਗਿਆ ਹੈ ।