Nawanshahr became Corona : ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੇ ਇਕ ਵਾਰ ਫਿਰ ਇੱਕ ਮਹੀਨੇ ਦੀ ਲੰਬੀ ਲੜਾਈ ਪਿੱਛੋਂ ਆਖਰੀ ਦੋ ਮਰੀਜ਼ਾਂ ਨੂੰ ਘਰ ਭੇਜ ਕੇ ਕੋਰੋਨਾ ਵਿਰੁੱਧ ਜੰਗ ਫਤਿਹ ਕਰ ਲਈ ਹੈ। ਜਿਸ ਨਾਲ ਇਹ ਜ਼ਿਲਾ ਮੁੜ ਕੋਰੋਨਾ ਮੁਕਤ ਜ਼ਿਲ੍ਹਾ ਬਣ ਗਿਆ ਹੈ। ਅੱਜ ਹਸਪਤਾਲੋਂ ਠੀਕ ਹੋ ਕੇ ਗਏ ਮਰੀਜ਼ਾਂ ਦਾ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਸਥਾਪਿਤ ਦੂਸਰੀ ਆਈਸੋਲੇਸ਼ਨ ਵਾਰਡ ਵਿਚ ਇਲਾਜ ਚੱਲ ਰਿਹਾ ਸੀ। ਆਈਸੋਲੇਸ਼ਨ ਸੁਵਿਧਾ ਦੇ ਇੰਚਾਰਜ ਅਤੇ ਬੰਗਾ ਦੇ ਐਸ ਐਮ ਓ ਡਾ. ਕਵਿਤਾ ਭਾਟੀਆ ਨੇ ਆਪਣੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਇਸ ਸਫ਼ਲਤਾ ’ਤੇ ਵਧਾਈ ਦਿੰਦਿਆਂ ਕਿਹਾ ਕਿ ਆਈਸੋਲੇਸ਼ਨ ਸੁਵਿਧਾ ’ਚ ਆਏ 21 ਕੋਵਿਡ ਪਾਜ਼ਿਟਿਵ ਮਰੀਜ਼ ਸਾਡੀ ਟੀਮ ਦੀ ਮੇਹਨਤ ਸਦਕਾ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤਨ ਵਿਚ ਸਫਲ ਰਹੇ।
ਡਾ. ਭਾਟੀਆ ਨੇ ਅੱਗੇ ਕਿਹਾ ਕਿ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਡਾ. ਕਵਿਤਾ ਭਾਟੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਿੱਥੇ ਇਸ ਸੰਕਟ ਦੀ ਘੜੀ ’ਚ ਮਾਨਵਤਾ ਦੀ ਸੇਵਾ ਲਈ ਕੀਤੇ ਜਾਣ ਵਾਲੇ ਕਾਰਜ ਲਈ ਆਪਣੇ ਹਸਪਤਾਲ ਦੇ ਵਾਰਡਾਂ ਦੀ ਪੇਸ਼ਕਸ਼ ਕੀਤੀ ਗਈ ਉੱਥੇ ਲੋੜੀਂਦੀ ਢਾਂਚਾਗਤ ਤਬਦੀਲੀ ਵੀ ਖੁਦ ਕਰਵਾ ਕੇ ਯੋਗਦਾਨ ਪਾਇਆ ਗਿਆ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਿਹਤਯਾਬ ਹੋਏ ਕੇਸਾਂ ’ਚੋਂ 101 ਜ਼ਿਲ੍ਹੇ ਨਾਲ ਸਬੰਧਤ ਸਨ ਜਦਕਿ 11 ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਨੰਦੇੜ ਤੋਂ ਜ਼ਿਲ੍ਹੇ ’ਚ ਆਏ ਲੋਕਾਂ ਦੇ ‘ਇਕਾਂਤਵਾਸ’ ’ਚ ਰੱਖੇ ਜਾਣ ਦੌਰਾਨ ਲਏ ਗਏ ਸੈਂਪਲਾਂ ਬਾਅਦ ਜ਼ਿਲ੍ਹੇ ’ਚ ਇਕ ਦਮ ਕੋਵਿਡ ਕੇਸਾਂ ’ਚ ਤੇਜ਼ੀ ਆ ਗਈ ਸੀ ਪਰੰਤੂ ਸਾਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਅਸੀਂ ਹਰ ਇੱਕ ਨੂੰ ਠੀਕ ਕਰਕੇ ਘਰ ਭੇਜਣ ’ਚ ਸਫ਼ਲ ਹੋਏ ਹਾਂ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਬੀਤੀ 22 ਅਪਰੈਲ ਨੂੰ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਨੂੰ ਘਰ ਭੇਜਣ ਬਾਅਦ ਕੋਵਿਡ ਮੁਕਤ ਹੋਏ ਜ਼ਿਲ੍ਹੇ ’ਚ 25 ਅਪਰੈਲ ਨੂੰ ਆਏ ਨਵੇਂ ਕੇਸ ਤੋਂ ਬਾਅਦ ਸੂਚੀ ਨਿਰੰਤਰ ਲੰਬੀ ਹੁੰਦੀ ਗਈ ਸੀ। ਸ੍ਰੀ ਬਬਲਾਨੀ ਨੇ ਆਈਸੋਲੇਸ਼ਨ ਕੇਂਦਰਾਂ ’ਚੋਂ ਘਰ ਭੇਜੇ ਗਏ ਕੋਵਿਡ ਮਰੀਜ਼ਾਂ ਨੂੰ ਵੀ ਹਿਦਾਇਤ ਦਿੱਤੀ ਕਿ ਉਹ ਘਰਾਂ ’ਚ 7 ਦਿਨ ਦਾ ਆਈਸੋਲੇਸ਼ਨ ਸਮਾਂ ਨਿਯਮਿਤ ਤੌਰ ’ਤੇ ਜ਼ਰੂਰ ਪੂਰਾ ਕਰਨ ਤਾਂ ਜੋ ਉਹ ਮੁਕੰਮਲ ਤੌਰ ’ਤੇ ਸਿਹਤਯਾਬ ਹੋ ਸਕਣ।