New Corona Cases from Mohali and Chandigarh : ਚੰਡੀਗੜ੍ਹ ਤੇ ਮੋਹਾਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਜਿਥੇ ਚੰਡੀਗੜ੍ਹ ਵਿਚ ਕੋਰੋਨਾ ਦੇ ਪੰਜ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, ਉਥੇ ਹੀ ਮੋਹਾਲੀ ਤੋਂ 10 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਮੋਹਾਲੀ ਤੋਂ ਸਾਹਮਣੇ ਆਏ ਇਨ੍ਹਾਂ 10 ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਕੋਰਨਾ ਪੀੜਤਾਂ ਦੀ ਗਿਣਤੀ 269 ਹੋ ਗਈ ਹੈ, ਜਦਕਿ ਇਸ ਸਮੇਂ ਜ਼ਿਲੇ ਵਿਚ 69 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਉਧਰ ਚੰਡੀਗੜ੍ਹ ਵਿਚ ਸੈਕਟਰ-41ਬੀ ਵਿਚ ਇਕ 15 ਸਾਲਾ ਲੜਕੇ, ਸੈਕਟਰ-41ਏ ਵਿਚ 47 ਸਾਲਾ ਔਰਤ ਅਤੇ 53 ਸਾਲਾ ਵਿਅਕਤੀ, ਸੈਕਟਰ 23ਡੀ ਵਿਚ 65 ਸਾਲਾ ਬਜ਼ੁਰਗ ਅਤੇ 36 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਚੰਡੀਗੜ੍ਹ ਵਿਚ ਇਹ ਨਵੇਂ ਪੰਜ ਮਾਮਲੇ ਸਾਹਮਣੇ ਆਉਣ ਨਾਲ ਹੁਣ ਸ਼ਹਿਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 439 ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਸ਼ਹਿਰ ਵਿਚੋਂ 349 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਇਸ ਸਮੇਂ ਸ਼ਹਿਰ ਵਿਚ ਕੁਲ 84 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 6 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼ਹਿਰ ਵਿਚੋਂ ਤਿੰਨ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਸੈਕਟਰ-29 ਦੀ ਇਕ 60 ਸਾਲਾ ਔਰਤ, ਸੈਕਟਰ-41 ਦੇ 15 ਸਾਲਾ ਲੜਕੇ ਅਤੇ ਸੈਕਟਰ-23 ਦੇ 39 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਥੇ ਬੀਤੇ ਬੀਤੇ ਦਿਨ ਸੈਕਟਰ-22 ਦੀ ਸੂਦ ਧਰਮਸ਼ਾਲਾ ਤੋਂ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਚਾਰ ਕੋਰੋਨਾ ਪੀੜਤਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ 63 ਸਾਲਾ ਬਜ਼ੁਰਗ, 34 ਸਾਲਾ ਵਿਅਕਤੀ, ਪੰਜ ਸਾਲਾ ਬੱਚੀ ਤੇ 27 ਸਾਲਾ ਲੜਕੀ ਸ਼ਾਮਲ ਸੀ। ਬੀਤੀ ਰਾਤ ਵੀ 29 ਲੋਕਾਂ ਦੇ ਸੈਂਪਲ ਲੈ ਕੇ ਜਾਂਚਲਈ ਭੇਜੇ ਗਏ ਹਨ। ਹੁਣ ਤੱਕ ਸ਼ਹਿਰ ਵਿਚ 7548 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਵਾਸਤੇ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7038 ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਰੈਪਿਡ ਸੈਂਪਲਿੰਗ ਰਾਹੀਂ ਰੋਜ਼ਾਨਾ ਸ਼ਹਿਰ ਵਿਚ 25 ਤੋਂ 30 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਵਾਸਤੇ ਭੇਜੇ ਜਾ ਰਹੇ ਹਨ।