New patients of Corona : ਕੋਰੋਨਾ ਮਹਾਮਾਰੀ ਨੇ ਪੰਜਾਬ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ਵਿਚ ਵੱਖ-ਵੱਖ ਜ਼ਿਲਿਆਂ ਤੋਂ ਸਾਹਮਣੇ ਆਏ ਮਾਮਲਿਆਂ ਵਿਚ ਫਿਰੋਜ਼ਪੁਰ ਤੋਂ ਕੋਰੋਨਾ 27, ਤਰਨਤਾਰਨ ਤੋਂ 13 ਅਤੇ ਭਵਾਨੀਗੜ੍ਹ ਤੋਂ 2 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਤਰਨਤਾਰਨ ਤੋਂ ਸਾਹਮਣੇ ਆਏ 13 ਮਾਮਲਿਆਂ ਨਾਲ ਜ਼ਿਲੇ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 309 ਹੋ ਗਈ ਹੈ ਜਿਨ੍ਹਾਂ ਵਿਚੋਂ 222 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਖੇ ਹਨ।
ਉਥੇ ਹੀ ਹੁਣ ਤੱਕ ਤਰਨਤਾਰਨ ਵਿਚ ਕੋਰੋਨਾ ਨਾਲ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲੇ ਮਰਗਿੰਦਪੁਰਾ, ਚੇਲਾ, ਪੱਟੀ, ਕੋਟ ਧਰਮਚੰਦ ਖੁਰਦ, ਤਰਨਤਾਰਨ ਦੇ ਸਿਵਲ ਹਸਪਤਾਲ, ਕੋਟ ਮੁਹੰਮਦ ਖਾਨ, ਮੁਹੱਲਾ ਨਾਨਕ ਸਰ, ਦੀਪ ਐਵੇਨਿਊ, ਪੁਲਿਸ ਲਾਈਨ, ਛੱਪੜ ਵਾਲੀ ਗਲੀ ਤੇ ਦਿਆਲ ਨਗਰ ਨਾਲ ਸਬੰਧਤ ਹਨ।
ਭਵਾਨੀਗੜ੍ਹ ਤੋਂ ਮਿਲੇ ਮਰੀਜ਼ ਪਿੰਡ ਭੜ੍ਹੋਂ ਤੇ ਨਾਗਰਾ ਦੇ ਰਹਿਣ ਵਾਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਮਓ ਡਾਕਟਰ ਪ੍ਰਵੀਨ ਗਰਗ ਨੇ ਦੱਸਿਆ ਕਿ ਪਿੰਡ ਭੜ੍ਹੋਂ ਦੇ 38 ਸਾਲਾ ਵਿਅਕਤੀ ਗੁਰਵਿੰਦਰ ਸਿੰਘ, ਜੋਕਿ ਨਾਭਾ ਵਿਚ ਇਕ ਆਟੋਮੋਬਾਈਲ ਕੰਪਨੀ ਵਿਚ ਕੰਮ ਕਰਦਾ ਹੈ, ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਪਿੰਡ ਨਾਗਰਾ ਵਿਚ 51 ਸਾਲਾ ਪੁਲਿਸ ਮੁਲਾਜ਼ਮ ਦੀ ਰਿਪੋਰਟ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੋਹਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ।