ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਅੱਤਵਾਦੀ-ਗੈਂਗਸਟਰ-ਨਸ਼ਾ ਤਸਕਰਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਲਈ 8 ਰਾਜਾਂ ਦੇ 76 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਤੋਂ ਬਾਅਦ NIA ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦੇ ਸਾਥੀਆਂ ਵਜੋਂ ਕੰਮ ਕਰਨ ਵਾਲੇ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। NIA ਹੁਣ ਇਸ ਮਾਮਲੇ ‘ਚ ਅਗਲੀ ਕਾਰਵਾਈ ਕਰ ਰਹੀ ਹੈ।
NIA ਨੇ ਇਸ ਛਾਪੇਮਾਰੀ ਰਾਹੀਂ ਖਾਲਿਸਤਾਨੀ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਦਿੱਤਾ ਹੈ। NIA ਵੱਲੋਂ ਇਸ ਛਾਪੇਮਾਰੀ ‘ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਲੱਕੀ ਖੋਖਰ, ਲਖਵੀਰ ਸਿੰਘ, ਹਰਪ੍ਰੀਤ, ਦਲੀਪ ਬਿਸ਼ਨੋਈ, ਸੁਰਿੰਦਰ ਅਤੇ ਹਰੀਓਮ ਸ਼ਾਮਲ ਹਨ। ਦੱਸ ਦੇਈਏ ਕਿ NIA ਨੇ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕਾਰਵਾਈ ਕੀਤੀ।
NIA ਨੇ ਪੰਜਾਬ ਵਿੱਚ ਮੁਕਤਸਰ ਦੇ ਲਖਬੀਰ ਸਿੰਘ, ਅਬੋਹਰ ਦੇ ਨਰੇਸ਼ ਸਮੇਤ ਕਈ ਕਬੱਡੀ ਖਿਡਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। NIA ਮੁਤਾਬਕ ਇਹ ਲੋਕ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨਾਗਪਾਲ ਅੰਬੀਆ ਅਤੇ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਇਨ੍ਹਾਂ ਦੋਵਾਂ ਦਾ ਪਿਛਲੇ ਸਾਲ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਸਾਜ਼ਿਸ਼ ਕਈ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੇ ਰਚੀ ਸੀ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਬ੍ਰਿਟੇਨ ‘ਚ ਹੋਇਆ ਦਿਹਾਂਤ
ਸਤੰਬਰ ਦੇ ਪਹਿਲੇ ਹਫ਼ਤੇ ਤਿੰਨ FIR ਦਰਜ ਕਰਨ ਤੋਂ ਬਾਅਦ NIA ਦੀ ਇਹ ਪੰਜਵੀਂ ਛਾਪੇਮਾਰੀ ਸੀ। ਇਸ ਸਮੇਂ ਦੌਰਾਨ ਏਜੰਸੀ ਨੇ ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਣ, ਕਾਰਤੂਸ, ਨੌਂ ਪਿਸਤੌਲਾਂ ਅਤੇ ਰਾਈਫਲਾਂ ਦੇ ਨਾਲ-ਨਾਲ 2.3 ਕਰੋੜ ਦੀ ਨਕਦੀ ਬਰਾਮਦ ਕੀਤੀ ਹੈ। NIA ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਅਤੇ ਪਹਿਲਾਂ ਮਿਲੇ ਸਬੂਤਾਂ ਦੇ ਆਧਾਰ ’ਤੇ ਛਾਪੇਮਾਰੀ ਦਾ ਫੈਸਲਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: