ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿਚ ਐਸ.ਆਈ.ਟੀ. ਵੱਲੋਂ 16 ਜੂਨ ਨੂੰ ਪੁੱਛਗਿਛ ਲਈ ਤਲਬ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕ ਸਾਬਕਾ ਮੁੱਖ ਮੰਤਰੀ ਐਸਆਈਟੀ ਅੱਗੇ ਪੇਸ਼ ਨਹੀਂ ਹੋ ਸਕੇ ਤਾਂ ਹੁਣ ਐਸਆਈਟੀ ਖੁਦ ਬਾਦਲ ਸਾਹਿਬ ਕੋਲ ਜਾ ਕੇ ਪੁੱਛਗਿੱਛ ਕਰੇਗੀ।
ਐਸਂਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੁੰ ਸਵੇਰੇ 10.30 ਵਜੇ ਸੈਕਟਰ-4 ਵਿਚਲੇ ਐਮਐਲਏ ਫਲੈਟ ਵਿੱਚ ਆ ਕੇ ਉਨ੍ਹਾਂ ਕੋਲੋਂ ਪੁੱਛ-ਗਿੱਛ ਕਰੇਗੀ। ਇਸ ਦੌਰਾਨ ਜੇਕਰ ਕੋਈ ਸਬੂਤ ਉਨ੍ਹਾਂ ਕੋਲ ਹੋਣ ਤਾਂ ਉਹ ਜ਼ਰੂਰ ਆਪਣੇ ਕੋਲ ਰੱਖਣ। ਐਸਆਈਟੀ ਨੇ ਲਿਖਿਆ ਹੈ ਕਿ ਬਾਦਲ ਸਾਹਿਬ ਦੀ ਉਮਰ ਤੇ ਸਿਹਤ ਨੂੰ ਵੇਖਦਿਆਂ ਉਨ੍ਹਾਂ ਖੁਦ ਉਨ੍ਹਾਂ ਕੋਲ ਆਉਣ ਦਾ ਫੈਸਲਾ ਲਿਆ ਹੈ।
ਦੱਸ ਦੇਈਏ ਕਿ ਇਸ ਸਾਲ ਅਪ੍ਰੈਲ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀਕਾਂਡ ਬਾਰੇ ਪੇਸ਼ ਕੀਤੀ ਗਈ ਐਸਆਈਟੀ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਨਵੀਂ ਐਸਆਈਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਹੇਠ ਨਵੀਂ ਐਸਆਈਟੀ ਬਣਾਈ ਗਈ। ਇਸ ਟੀਮ ਨੂੰ ਛੇ ਮਹੀਨਿਆਂ ਵਿੱਚ ਆਪਣੀ ਜਾਂਚ ਰਿਪੋਰਟ ਸੌਂਪਣੀ ਹੈ। ਪੁੱਛਗਿੱਛ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਅਕਤੂਬਰ 2015 ਵਿਚ ਕੋਟਕਪੂਰਾ ਗੋਲੀਬਾਰੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ।
ਇਹ ਵੀ ਪੜ੍ਹੋ : Farmer Protest : ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਤੋਂ ਪ੍ਰੇਸ਼ਾਨ ਕਿਸਾਨ ਨੇ ਧਰਨੇ ਵਾਲੀ ਥਾਂ ‘ਤੇ ਕੀਤੀ ਖੁਦਕੁਸ਼ੀ
ਅਕਤੂਬਰ 2015 ਵਿਚ, ਫਰੀਦਕੋਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਖਿੰਡੇ ਪਾਏ ਜਾਣ ਤੋਂ ਬਾਅਦ ਸਿੱਖਾਂ ਨੇ ਕੋਟਕਪੂਰਾ ਵਿਚ ਵਿਰੋਧ ਪ੍ਰਦਰਸ਼ਨ ਕੀਤਾ। 14 ਅਕਤੂਬਰ, 2015 ਨੂੰ ਪੁਲਿਸ ਨੇ ਕੋਟਕਪੂਰਾ ਵਿੱਚ ਇੱਕ ਪ੍ਰਦਰਸ਼ਨਕਾਰੀ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਦੋ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ।