Now Three Positive Corona : ਹੁਸ਼ਿਆਰਪੁਰ ਜ਼ਿਲੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲੇ ਦੇ ਟਾਂਡਾ ਸਥਿਤ ਪਿੰਡ ਨੰਗਲੀ ਜਲਾਲਪੁਰ ਤੋਂ ਕੋਰੋਨਾ ਵਾਇਰਸ ਦਾ ਇਕ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਹੁਣ ਮੁਕੇਰੀਆਂ ਨੇੜੇ ਪੈਂਦੇ ਪਿੰਡ ਪਾਰਿਕਾ ਵਿਚ ਤਿੰਨ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 107 ਤੱਕ ਪਹੁੰਚ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਬੁੱਢਾਬੜ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੇ ਦੋ ਦਿਨ ਪਹਿਲਾਂ ਸੈਂਪਲ ਲਏ ਗਏ ਸਨ। ਅੱਜ ਸਾਹਮਣੇ ਆਈ ਰਿਪੋਰਟ ਵਿਚ ਪਿੰਡ ਪਾਰਿਕਾ ਦੀ ਜਗੀਰ ਕੌਰ, ਹਰਦੀਪ ਸਿੰਘ ਅਤੇ ਪਰਮਜੀਤ ਸਿੰਘ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਕੋਰੋਨਾ ਪੀੜਤਾਂ ਨੂੰ ਹੁਸ਼ਿਆਰਪੁਰ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਤਿੰਨ ਮਰੀਜ਼ ਵੀ ਟਾਂਡਾ ਵਿਕੇ ਪਿੰਡ ਨੰਗਲੀ ਜਲਾਲਪੁਰ ਵਿਚ ਕੋਰੋਨਾ ਕਾਰਨ ਮਰੇ ਵਿਅਕਤੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਸਾਵਧਾਨੀ ਦੇ ਤੌਰ ’ਤੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਤਿੰਨਾਂ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਐਸਡੀਐਮ ਮੁਕੇਰੀਆਂ ਅਸ਼ੋਕ ਕੁਮਾਰ ਵੱਲੋਂ ਦਿੱਤੀ ਗਈ। ਇਥੇ ਦੱਸ ਦੇਈਏ ਕਿ ਅੱਜ ਉਧਰ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਤੋਂ ਪਿਛਲੇ ਦਿਨੀਂ ਮਰੇ ਵਿਅਕਤੀ ਦੇ ਸੰਪਰਕ ਵਾਲੇ ਇਕ ਹੋਰ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅੱਜ ਪਾਜ਼ੀਟਿਵ ਆਏ ਮਰੀਜ਼ ਬਲਦੇਵ ਸਿੰਘ ਨੂੰ ਵੀ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਸੈਂਟਰ ਵਿਚ ਭੇਜ ਦਿੱਤਾ ਗਿਆ ਹੈ।