ਭਾਰਤ ਦੀ ਮਹਿਲਾ ਹਾਕੀ ਟੀਮ ਅੱਜ ਓਲੰਪਿਕ ਵਿੱਚ ਹੋਏ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਗ੍ਰੇਟ ਬ੍ਰਿਟੇਨ ਤੋਂ ਹਾਰ ਗਈ ਹੈ। ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਦਾ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।
ਪਿਛਲੇ ਓਲੰਪਿਕ ਦੇ ਜੇਤੂ ਬ੍ਰਿਟੇਨ ਨੇ ਅੱਜ ਦੇ ਮੈਚ ਵਿੱਚ ਭਾਰਤ ਨੂੰ 4-3 ਨਾਲ ਹਰਾਇਆ ਹੈ। ਭਾਰਤ ਨੇ ਇਸ ਮੈਚ ਵਿੱਚ ਬ੍ਰਿਟੇਨ ਨੂੰ ਸਖਤ ਮੁਕਾਬਲਾ ਦਿੱਤਾ, ਦੂਜੇ ਕੁਆਰਟਰ ਤੱਕ ਭਾਰਤ ਨੇ ਇਸ ਮੈਚ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ। ਪਰ ਮੈਚ ਦਾ ਚੌਥਾ ਕੁਆਰਟਰ ਬ੍ਰਿਟੇਨ ਦੇ ਨਾਂ ਰਿਹਾ ਅਤੇ ਉਨ੍ਹਾਂ ਨੇ ਇੱਕ ਗੋਲ ਕੀਤਾ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰਾ ਦੇਸ਼ ਨਿਰਾਸ਼ ਹੈ, ਪਰ ਪੂਰੇ ਦੇਸ਼ ਨੂੰ ਟੋਕੀਓ ਓਲੰਪਿਕਸ ਵਿੱਚ ਟੀਮ ਦੇ ਇਤਿਹਾਸਕ ਪ੍ਰਦਰਸ਼ਨ ਉੱਤੇ ਮਾਣ ਵੀ ਹੈ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਵਿੱਚ ਤਗਮੇ ਲਈ ਮੈਚ ਖੇਡਣ ਉੱਤਰੀ ਸੀ। ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਪੂਰੇ ਦੇਸ਼ ਨੂੰ ਭਰੋਸਾ ਹੈ ਕਿ ਇਹ ਟੀਮ 2024 ਦੇ ਪੈਰਿਸ ਓਲੰਪਿਕਸ ਵਿੱਚ ਨਿਸ਼ਚਤ ਰੂਪ ‘ਚ ਭਾਰਤ ਲਈ ਤਮਗਾ ਲੈ ਕੇ ਆਵੇਗੀ।
ਤੀਜਾ ਓਲੰਪਿਕ ਖੇਡਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਕਾਂਸੀ ਤਮਗੇ ਦੇ ਲਈ ਇਸ ਮੈਚ ਵਿੱਚ ਬ੍ਰਿਟੇਨ ਦਾ ਸਾਹਮਣਾ ਕੀਤਾ। ਭਾਰਤੀ ਮਹਿਲਾਵਾਂ ਨੇ ਹੁਣ ਤੱਕ ਓਲੰਪਿਕ ਵਿੱਚ ਇੱਕ ਵੀ ਤਗਮਾ ਨਹੀਂ ਜਿੱਤਿਆ ਹੈ, ਜਦਕਿ ਬ੍ਰਿਟੇਨ ਨੇ ਹੁਣ ਤੱਕ ਓਲੰਪਿਕ ਵਿੱਚ ਤਿੰਨ ਤਮਗੇ ਜਿੱਤੇ ਹਨ। ਇਸ ਦੇ ਨਾਲ ਹੀ ਭਾਰਤ ਰੈਂਕਿੰਗ ਵਿੱਚ 9 ਵੇਂ ਅਤੇ ਯੂਕੇ ਦੀ ਟੀਮ ਚੌਥੇ ਸਥਾਨ ਉੱਤੇ ਹੈ। ਭਾਰਤ ਨੇ ਜਿਸ ਬਹਾਦਰੀ ਨਾਲ ਅੱਜ ਬ੍ਰਿਟੇਨ ਦਾ ਮੁਕਾਬਲਾ ਕੀਤਾ ਹੈ, ਉਸ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਭਾਵ ਭਾਰਤ ਨੇ ਮੈਚ ਹਾਰ ਕੇ ਵੀ ਸਭ ਦਾ ਦਿਲ ਜਿੱਤਿਆ ਹੈ।
ਇਹ ਵੀ ਦੇਖੋ : Kartar Bus ਵਾਲੇ Bawa Henary ਨੂੰ ਤਿੱਖੇ ਸਵਾਲ, ਕਿਉਂ ਲੱਗਦੇ ਗੁੰਡਾਗਰਦੀ ਦੇ ਇਲਜ਼ਾਮ, ਸਿਆਸਤ ਕਿਉਂ ਬਣੀ ਮਜਬੂਰੀ !