One more Death in Punjab Due to Corona : ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਕੋਰੋਨਾ ਨਾਲ ਬਠਿੰਡਾ ਜ਼ਿਲੇ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਜ਼ਿਲੇ ਵਿਚ ਤਿੰਨ ਤੇ ਪਾਤੜਾਂ ਤੋਂ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲੇ ਦਾ ਵਿਅਕਤੀ ਦੀ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਸੀ, ਜਿਥੇ ਉਸ ਨੇ ਹਾਲਤ ਗੰਭੀਰ ਹੋਣ ਕਾਰਨ ਦਮ ਤੋੜ ਦਿੱਤਾ। ਇਹ ਵਿਅਕਤੀ 55 ਸਾਲਾ ਵਿਅਕਤੀ ਹਾਈਪਰਟੈਂਸਿਵ, ਦੀਲ ਦੀ ਬਮਾਰੀ ਤੇ ਡਾਇਬਟੀਜ਼ ਤੋਂ ਵੀ ਪੀੜਤ ਸੀ ਤੇ ਇਸ ਦਾ ਇਲਾਜ ਡੀਐਮਸੀ ਹਸਪਤਾਲ ਵਿਚ ਚੱਲ ਰਿਹਾ ਸੀ।
ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਸਬੰਧੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਜ਼ਿਲੇ ਵਿਚ 3 ਨਵੇਂ ਕਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇੰਨਾਂ ਵਿਚੋਂ ਇਕ ਪੁਲਿਸ ਜਵਾਨ ਹੈ। ਤਿੰਨੋਂ ਹੀ ਬਾਲਗ ਹਨ ਅਤੇ ਪੁਰਸ਼ ਹਨ। ਦੱਸਣਯੋਗ ਹੈ ਕਿ ਹੁਣ ਜ਼ਿਲੇ ਵਿਚ ਐਕਟਿਵ ਕੇਸ 34 ਹੋ ਗਏ ਹਨ। ਜਦਕਿ 75 ਲੋਕ ਇਸ ਬੀਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਬਠਿੰਡੇ ਜ਼ਿਲੇ ਦੇ ਦੋ ਲੋਕਾਂ ਦੀ ਕੋਵਿਡ 19 ਬਿਮਾਰੀ ਕਾਰਨ ਮੌਤ ਹੋਈ ਹੈ।
ਉਧਰ ਪਾਤੜਾਂ ਅਦੀਨ ਪੈਂਦੇ ਪਿੰਡ ਰਸੋਲੀ ਅਤੇ ਦੇਧਨਾਂ ਤੋਂ ਵੀ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਦਰਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਰਸੌਲੀ ਅਤੇ ਦੇਧਨਾਂ ਵਿਚ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਨੂੰ ਸਿਹਤ ਵਿਭਾਗ ਟੀਮ ਵੱਲੋਂ ਆਈਸੋਲੇਸ਼ਨ ਕੇਂਦਰ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਹੈ।