One more Positive patient : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਇਸ ਦੇ ਮਾਮਲਿਆਂ ਦੀ ਗਿਣਤੀ ਪੰਜਾਬ ਵਿਚ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅੱਜ ਮਾਨਸਾ ਜ਼ਿਲੇ ਤੋਂ ਪਿੰਡ ਬੁਰਜ ਰਾਠੀ ਵਿਖੇ ਇਕ ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਮਿਲੀ ਜਾਣਕਾਰੀ ਮੁਤਾਬਕ 19 ਸਾਲਾ ਸਲਮਾਨ ਖਾਨ ਜੋਕਿ ਬੀਤੇ ਦਿਨੀਂ ਮੋਗਾ ਤੋਂ ਆਇਆ ਸੀ, ਦੇ ਸੈਂਪਲ ਲਏ ਗਏ ਸਨ। ਉਹ ਘਰ ਵਿਚ ਇਕਾਂਤਵਾਸ ’ਚ ਰਹਿ ਰਿਹਾ ਸੀ। ਉਸ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਜ਼ਿਲੇ ਦੇ ਇਸ ਪਿੰਡ ਵਿਚ ਮਰੀਜ਼ਾਂ ਦੀ ਗਿਣਤੀ 2 ਹੋ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸਲਮਾਨ ਖਾਨ ਨੇ ਮੋਗਾ ਤੋਂ ਆਉਣ ਦੀ ਵਿਭਾਗ ਨੂੰ ਗਲਤ ਸੂਚਨਾ ਦਿੱਤੀ ਸੀ, ਜਦਕਿ ਇਹ ਵਿਅਕਤੀ ਗੁੜਗਾਓਂ (ਦਿੱਲੀ) ਵਾਲੇ ਪਾਸੇ ਤੋਂ ਆਇਆ ਸੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 28 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਜ਼ਿਲੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਦੱਸ ਦੇਈਏ ਕਿ ਅੱਜ ਸੂਬੇ ਵਿਚ ਕਈ ਜ਼ਿਲਿਆਂ ’ਚੋਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਵੱਡੀ ਗਿਣਤੀ ਵਿਚ ਪੁਸ਼ਟੀ ਹੋਈ ਹੈ। ਅੱਜ ਨਵਾਂਸ਼ਹਿਰ ਵਿਚੋਂ ਕੋਰੋਨਾ ਵਾਇਰਸ ਇਕੱਠੇ 18 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 10 ਮਰੀਜ਼ ਮਹਾਰਾਸ਼ਟਰ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਕੋਰੋਨਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਵਿਚ ਵੀ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ ਅੱਜ ਸੂਬੇ ਵਿਚ ਹੁਸ਼ਿਆਰਪੁਰ ਦੇ ਇਕ ਨੌਜਵਾਨ ਨੇ ਅੰਮ੍ਰਿਤਸਰ ਦੇ ਮੈਡੀਕਲ ਹਸਪਤਾਲ ਵਿਚ ਦਮ ਤੋੜ ਦਿੱਤਾ।