One more positive patient of Corona : ਕੋਰੋਨਾ ਵਾਇਰਸ ਦਾ ਕਹਿਰ ਸੂਬੇ ਵਿਚ ਘਟਦਾ ਨਜ਼ਰ ਨਹੀਂ ਆ ਰਿਹਾ ਹੈ ਤੇ ਇਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਰੋਪੜ ਵਿਚੋਂ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਹ ਪਾਜ਼ੀਟਿਵ ਮਿਲਿਆ ਮਰੀਜ਼ 27 ਸਾਲਾ ਵਿਅਕਤੀ ਹੈ, ਜੋਕਿ ਦਿੱਲੀ ਤੋਂ ਪੰਜਾਬ ਪਰਤਿਆ ਸੀ। ਇਹ ਨੰਗਲ ਸ਼ਹਿਰ ਦਾ ਰਹਿਣ ਵਾਲਾ ਹੈ। ਇਸ ਨੂੰ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੂਪਨਗਰ ਤੋਂ ਇਕ ਡਰਾਈਵਰ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਉਸ ਦਾ ਇਲਾਜ ਵੀ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ’ਚ ਹੀ ਚੱਲ ਰਿਹਾ ਹੈ। ਇਸ ਨਵੇਂ ਮਰੀਜ਼ ਦੇ ਮਿਲਣ ਨਾਲ ਹੁਣ ਰੂਪਨਗਰ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 61 ਹੋ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿਚ ਦੋ ਉਕਤ ਕੇਸ ਹੀ ਐਕਟਿਵ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲੇ ਵਿਚੋਂ ਕੁਲ 2663 ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 2123 ਦੀਆਂ ਰਿਪੋਰਟਾਂ ਨੈਗੇਟਿਵ ਆਈ ਹਨ ਤੇ 61 ਰਿਪੋਰਟਾਂ ਵਿਚ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ 58 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਪਿੰਡ ਚਤਾਮਲੀ ਨਿਵਾਸੀ ਇਕ ਵਿਅਕਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ 2 ਹੀ ਐਕਟਿਵ ਮਾਮਲੇ ਹਨ।
ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਨਾਲ ਇਕ 51 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਨਾਲ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 43 ਤੱਕ ਪੁੱਜ ਗਿਆ ਹੈ।