One thirty five new cases : ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ਵਿਚ ਜਿਥੇ ਕੋਰੋਨਾ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਉਥੇ ਹੀ 135 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਕੋਰੋਨਾ ਦੇ 174 ਮਾਮਲੇ ਸਾਹਮਣੇ ਆਏ ਸਨ ਅਤੇ ਚਾਰ ਮਰੀਜ਼ਾਂ ਦੀ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਅੱਜ ਮਿਲੇ ਨਵੇਂ ਮਾਮਲਿਆਂ ਵਿਚ ਨੋਡਲ ਅਫਸਰ ਟੀਪੀ ਸਿੰਘ ਦਾ ਚਪੜਾਸੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਰੀਜ਼ਾਂ ਵਿਚ ਪੰਜ ਗਰਭਵਤੀ ਔਰਤਾਂ, ਤਿੰਨ ਐਨਆਰਆਈ ਅਤੇ ਪੁਲਿਸ ਦੇ ਪੰਜ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਮਰੀਜ਼ਾਂ ਵਿਚ ਲੋਹੀਆਂ ਖਾਸ ਤੋਂ 15 ਲੋਕ ਵੀ ਲਪੇਟ ਵਿਚ ਆਏ ਹਨ। ਐਮਐਚ ਤੋਂ ਫੌਜੀ ਤੇ ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਹੋਏ ਟੈਸਟਾਂ ਵਿਚੋਂ 15 ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਫ੍ਰੈਂਡਸ ਕਾਲੋਨੀ ਤੋਂ ਚਾਰ, ਸੇਠ ਹੁਕਮ ਚੰਦ ਕਾਲੋਨੀ ਤੋਂ ਪੰਜ, ਜੀਟੀਬੀ ਨਗਰ ਤੋਂ ਚਾਰ, ਛਾਉਣੀ ਤੋਂ ਸੱਤ ਤੇ ਆਬਾਦਪੁਰਾ ਤੋਂ ਚਾਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਉਥੇ ਹੀ ਬੀਤੇ ਦਿਨ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਵਿਚ ਇਕ 44 ਸਾਲਾ ਵਿਅਕਤੀ ਮਹਿਤਪੁਰ ਦਾ ਰਹਿਣ ਵਾਲਾ ਸੀ, ਜੋਕਿ ਸ਼ੂਗਰ ਤੇ ਹਾਈਪਰਟੈਂਸ਼ਨ ਦੀ ਸਮੱਸਿਆ ਤੋਂ ਪੀੜਤ ਸੀ। ਦੂਸਰਾ 56 ਸਾਲ ਦਾ ਮ੍ਰਿਤਕ ਖਿੰਗਰਾ ਗੇਟ ਦਾ ਰਹਿਣ ਵਾਲਾ ਸੀ, ਉਸ ਨੂੰ ਵੀ ਹਾਈ ਬੀਪੀ ਤੇ ਸ਼ੂਗਰ ਦੀ ਸਮੱਸਿਆ ਸੀ। ਤੀਸਰਾ ਕਰਤਾਰਪੁਰ ਦਾ ਰਹਿਣ ਵਾਲਾ 75 ਸਾਲਾ ਵਿਅਕਤੀ ਕਿਡਨੀ ਅਤੇ ਸਾਹ ਲੈਣ ਦੀ ਸਮੱਸਿਆ ਤੋਂ ਪੀੜਤ ਸੀ। ਇਸ ਤੋਂ ਇਲਾਵਾ ਮਾਡਲ ਹਾਊਸ ਦੇ ਇਕ 28 ਸਾਲਾ ਨੌਜਵਾਨ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਮੌਤ ਹੋਈ। ਉਸ ਨੂੰ ਇਕ ਹਫਤਾ ਪਹਿਲਾਂ ਨਿਮੋਨੀਆ ਹੋਇਆ ਸੀ।