Online fraudsters 6 arrested : ਸੰਗਰੂਰ ਪੁਲਿਸ ਨੇ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਤੋਂ 8.85 ਲੱਖ ਦੀ ਨਕਦੀ, 11 ਮੋਬਾਈਲ, 90 ਸਿਮ ਕਾਰਡ, 9 ਟੈਲੀਫੋਨ ਸੈੱਟ ਬਰਾਮਦ ਕੀਤੇ ਹਨ। ਦੋਸ਼ੀਆਂ ਖਿਲਾਫ ਜ਼ਿਲ੍ਹੇ ਵਿੱਚ ਦੋ ਮਾਮਲੇ ਦਰਜ ਸਨ। ਇਨ੍ਹਾਂ ਨੇ ਇੱਕ ਕਾਲ ਸੈਂਟਰ ਬਣਾਇਆ ਹੋਇਆ ਸੀ, ਜਿਥੇ ਬੈਠ ਕੇ ਇਹ ਲੋਕਾਂ ਨਾਲ ਆਨਲਾਈਨ ਠੱਗੀ ਕਰਦੇ ਸਨ। ਦੋਸ਼ੀ ਖੁਦ ਨੂੰ ਬੈਂਕ ਮੁਲਾਜ਼ਮ ਬਣ ਕੇ ਲੋਕਾਂ ਨੂੰ ਗੱਲਾਂ ਵਿੱਚ ਉਲਝਾ ਲੈਂਦੇ ਸਨ, ਜਿਸ ਤੋਂ ਬਾਅਦ ਉਨ੍ਹਾਂ ਤੋਂ ਏਟੀਐੱਮ ਕਾਰਡ ਦਾ ਨੰਬਰ, ਐਕਸਪਾਇਰੀ ਡੇਟ, ਸੀਵੀਵੀ ਨੰਬਰ ਅਤੇ ਓਟੀਪੀ ਹਾਸਲ ਕਰਕੇ ਆਨਲਾਈਨ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਨਿਕਲਵਾ ਲੈਂਦੇ ਸਨ।
ਇਸੇ ਤਰ੍ਹਾਂ ਦੂਸਰੇ ਗਿਰੋਹ ਦੇ ਮੈਂਬਰ ਬੈਂਕ ਮੁਲਾਜ਼ਮ ਬਣ ਕੇ ਲੋਕਾਂ ਤੋਂ ਧੋਖੇ ਨਾਲ ਲੋਕਾਂ ਦੀ ਨੈੱਟ ਬੈਂਕਿੰਗ ਦੀ ਆਈਡੀ ਅਤੇ ਪਾਸਵਰਡ ਹਾਸਲ ਕਰਕੇ ਪੈਸੇ ਟਰਾਂਸਫਰ ਕਰਵਾ ਲੈਂਦੇ ਸਨ। ਦੋਸ਼ੀ ਐਪ ਡਾਊਨਲੋਡ ਕਰਵਾ ਕੇ ਵੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ। ਦੋਸ਼ੀਆਂ ਵਿੱਚ ਮੁਹੰਮਦ ਫਰੀਦ ਖਾਨ ਨਿਵਾਸੀ ਵੈਸਟ ਦਿੱਲੀ, ਸੰਜੇ ਕਸ਼ਯਪ ਉਰਫ ਦਾਦਾ ਨਿਵਾਸੀ ਵੈਸਟ ਦਿੱਲੀ, ਮੁਕੇਸ਼ ਨਿਵਾਸੀ ਵੈਸਟ ਦਿੱਲੀ, ਉਪੇਂਦਰ ਕੁਮਾਰ ਸਿੰਘ ਨਿਵਾਸੀ ਸਾਊਥ ਵੈਸਟ ਦਿੱਲੀ, ਨੂਰ ਅਲੀ ਮੰਡੀ ਗੋਬਿੰਦਗੜ੍ਹ, ਪਵਨ ਕੁਮਾਰ ਨਿਵਾਸੀ ਲੁਧਿਆਣਾ ਸ਼ਾਮਲ ਹਨ।
ਐੱਸਐੱਸਪੀ ਡਾ. ਸੰਦੀਪ ਗਰਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਠੱਗੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਨੂੰ ਲੈ ਕੇ ਡੀਐੱਸਪੀ ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਸਾਈਬਰ ਸੈੱਲ ਅਤੇ ਸੀਆਈਏ ਸਣੇ ਟੀਮ ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ ਟੀਮ ਨੇ 4 ਦੋਸ਼ੀਆਂ ਨੂੰ ਦਿੱਲੀ ਤੋਂ ਅਤੇ 2 ਦੋਸ਼ੀਆਂ ਨੂੰ ਧੂਰੀ ਤੋਂ ਕਾਬੂ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਦੋਸ਼ੀਆਂ ਨੇ ਜ਼ਿਲ੍ਹੇ ਵਿੱਚ ਤਿੰਨ ਹੋਰ ਵਾਰਦਾਤਾਂ ਨੂੰ ਕਬੂਲਿਆ ਹੈ। ਐੱਸਐੱਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਫੋਨ ’ਤੇ ਕਿਸੇ ਨਾਲ ਓਟੀਪੀ ਸਾਂਝਾ ਨਾ ਕਰੇ ਅਤੇ ਆਪਣੇ ਖਾਤੇ ਦੀਆਂ ਅਹਿਮ ਜਾਣਕਾਰੀਆਂ ਲੋਕਾਂ ਨਾਲ ਸ਼ੇਅਰ ਨਾ ਕਰਨ। ਆਨਲਾਈਨ ਅਦਾਇਗੀ ਵੇਲੇ ਕੋਡ ਨੂੰ ਧਿਆਨ ਵਿੱਚ ਰੱਖ ਕੇ ਸਕੈਨ ਕੀਤਾ ਜਾਣਾ ਚਾਹੀਦਾ ਹੈ।