ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ‘ਤੇ ਜਿਥੇ ਕਾਂਗਰਸ ਦੀ ਸਿਆਸਤ ਵਿੱਚ ਇੱਕ ਗਰਮਜੋਸ਼ੀ ਵਾਲਾ ਮਾਹੌਲ ਹੈ, ਉਥੇ ਵਿਰੋਧੀ ਧਿਰਾਂ ਦੀਆਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਰਾਜ ਵਿੱਚ ਫੈਲੇ ਮਾਫੀਆ ਨਾਲ ਨਜਿੱਠਣ ਲਈ ਚੁਣੌਤੀ ਵੀ ਦਿੱਤੀ ਹੈ, ਉਥੇ ਹੀ ਭਾਜਪਾ ਨੇ ਟਿੱਚਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੁਣ ਚੁਟਕਲਿਆਂ ਦੀ ਸਰਕਾਰ ਸ਼ੁਰੂ ਹੋ ਗਈ ਹੈ।
ਰਾਘਵ ਚੱਢਾ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਸੰਘਰਸ਼ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸੱਤਾਧਾਰੀ ਧਿਰ ਨੂੰ ਸਿਰਫ ਆਪਣੀ ਕੁਰਸੀ ਦੀ ਚਿੰਤਾ ਹੈ, ਨਾ ਕਿ ਪੰਜਾਬ ਅਤੇ ਲੋਕਾਂ ਨਾਲ ਜੁੜੇ ਮਸਲਿਆਂ ਦੀ। ਅਜਿਹਾ ਨਹੀਂ ਜਾਪਦਾ ਕਿ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਨਾਲ ਕਾਂਗਰਸ ਦਾ ਕਲੇਸ਼ ਖ਼ਤਮ ਹੋ ਜਾਵੇਗਾ।
ਰਾਘਵ ਚੱਢਾ ਨੇ ਕਿਹਾ ਕਿ ਹਾਲਾਂਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਪਰ ਸੱਤਾਧਾਰੀ ਧਿਰ ਹੋਣ ਕਾਰਨ ਕਾਂਗਰਸ ਦੀ ਹੰਗਾਮੇ ਨੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਆਪਸੀ ਲੜਾਈ ਕਾਰਨ ਪੰਜਾਬ ਉਨ੍ਹਾਂ ਦੇ ਏਜੰਡੇ ‘ਤੇ ਨਹੀਂ ਸੀ। ਸਾਢੇ ਚਾਰ ਸਾਲਾਂ ਦੇ ਬਰਬਾਦ ਹੋਣ ਤੋਂ ਬਾਅਦ ਹੁਣ ਸਾਨੂੰ ਉਮੀਦ ਹੈ ਕਿ ਸੱਤਾਧਾਰੀ ਕਾਂਗਰਸ ਬਾਕੀ ਕੁਝ ਮਹੀਨਿਆਂ ਦੀ ਵਰਤੋਂ ਲੋਕਾਂ ਅਤੇ ਰਾਜ ਦੀ ਬਿਹਤਰੀ ਲਈ ਕਰੇਗੀ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਪੰਜਾਬ ਵਿੱਚ ‘ਜੁਮਲਾ’ ਅਤੇ ‘ਚੁਟਕਲੇ’ ਦੀ ਸਰਕਾਰ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਕੁਰਸੀ ਅਤੇ ਹੋਂਦ ਲਈ ਚੱਲ ਰਹੀ ਲੜਾਈ ਵਿੱਚ ਸਿੱਧੂ ਨੇ ਅਖੀਰ ਕੈਪਟਨ ਨੂੰ ਮੂਧੇ ਮੂੰਹ ਸੁੱਟਿਆ ਹੈ।
ਕਾਂਗਰਸ ਨੇ ਫਿਰ ਇਕ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨ ਬਣਾ ਕੇ ਪੰਜਾਬ ਨੂੰ ਫਿਰ ਹਿੰਦੂਆਂ ਅਤੇ ਸਿੱਖਾਂ ਵਿਚ ਵੰਡ ਦਿੱਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅੱਤਿਆਚਾਰਾਂ ਦੇ ਦਿਨ ਖ਼ਤਮ ਹੋ ਚੁੱਕੇ ਹਨ ਅਤੇ ਜਨਤਾ ਇਸ ਵਾਰ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵੇਗੀ ਕਿ ਇਹ ਲੋਕ ਮੁੜ ਸੱਤਾ ਦਾ ਚਿਹਰਾ ਨਹੀਂ ਵੇਖ ਸਕਣਗੇ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੇ ਘਰ ਜਸ਼ਨ ਵਾਲਾ ਮਾਹੌਲ, ਅੱਜ ਅੰਮ੍ਰਿਤਸਰ ਪਹੁੰਚਣਗੇ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
ਕਾਂਗਰਸ ਹਾਈਕਮਾਨ ਸਿੱਧੂ ਦੀਆਂ ਗਤੀਵਿਧੀਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਹ ਕੁਰਸੀ ਅਤੇ ਤਾਕਤ ਦੀ ਲੜਾਈ ਖ਼ਤਮ ਕਰਨ ਵਿਚ ਅਸਫਲ ਸਾਬਤ ਹੋਈ ਹੈ। ਵਿਧਾਇਕ ਨਵਜੋਤ ਸਿੰਘ ਸਿੱਧੂ ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੇ ਹਲਕੇ ਤੋਂ ਲਾਪਤਾ ਸਨ ਅਤੇ ਜਨਤਾ ਨੇ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਗਾਏ ਸਨ। ਉਨ੍ਹਾਂ ਕਿਹਾ ਕਿ ਜਿਹੜਾ ਆਗੂ ਆਪਣੇ ਹਲਕੇ ਲੋਕਾਂ ਨੂੰ ਲਾਵਾਰਿਸ ਛੱਡ ਕੇ ਗਾਇਬ ਹੋ ਸਕਦਾ ਹ, ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੀ ਸੰਭਾਲੇਗਾ।