Pakistan Attack: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਉਤਰੀ ਕਸ਼ਮੀਰ ਦੇ ਹਿੰਦਵਾੜਾ ਖੇਤਰ ਵਿੱਚ ਪੰਜ ਸੁਰੱਖਿਆ ਬਲਾਂ ਜਵਾਨਾਂ ਦੀ ਸ਼ਹਾਦਤ ਉਤੇ ਡੂੰਘੇ ਦੁੱਖ ਤੇ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਨੇ ਬਹਾਦਰ ਜਵਾਨਾਂ ਦੀ ਕੁਰਬਾਨੀ ਉਤੇ ਸੋਗ ਪ੍ਰਗਟਾਉਂਦਿਆਂ ਇਸ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜ਼ਿਲਾ ਮਾਨਸਾ ਨਾਲ ਸਬੰਧਤ ਜਵਾਨ ਨਾਇਕ ਰਾਜੇਸ਼ ਕੁਮਾਰ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਅੱਜ ਸਵੇਰੇ ਹੀ ਜਦੋਂ ਹੀ ਭਾਰਤੀ ਸੈਨਾ ਦੇ ਚਾਰ ਜਵਾਨਾਂ ਅਤੇ ਜੂੰਮ ਅਤੇ ਕਸ਼ਮੀਰ ਦੇ ਇਕ ਪੁਲਿਸ ਕਰਮੀ ਦੇ ਸ਼ਹਾਦਤ ਦੀ ਖਬਰ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬਾਕੀ ਦੇਸ਼ ਵਾਸੀਆਂ ਦੇ ਨਾਲ ਦੁੱਖ ਵਿੱਚ ਸ਼ਰੀਕ ਹੁੰਦਿਆਂ ਕਿਹਾ, ”ਸ਼ਹੀਦ ਜਵਾਨਾਂ ਦੀ ਬਹਾਦਰੀ ਤੇ ਸੂਰਮਗਤੀ ਨੂੰ ਸਲਾਮ ਕਰਦਾ ਹਾਂ। ਇਸ ਦੁੱਖ ਦੀ ਘੜੀ ਵਿੱਚ ਵਾਹਿਗੁਰੂ ਅੱਗੇ ਸ਼ਹੀਦ ਸੈਨਿਕਾਂ ਦੇ ਪਰਿਵਾਕ ਮੈਂਬਰਾਂ ਨੂੰ ਬਲ ਬਖਸ਼ਣ ਦੀ ਅਰਦਾਸ ਕਰਦਾ ਹਾਂ।”
ਪੰਜ ਸੁਰੱਖਿਆ ਕਰਮੀ ਜਿਨ੍ਹਾਂ ਵਿੱਚ ਸੈਨਾ ਦਾ ਇਕ ਕਰਨਲ ਅਤੇ ਇਕ ਮੇਜਰ ਵੀ ਸ਼ਾਮਲ ਸੀ, ਦਹਿਸ਼ਤਗਰਦਾਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਤਹਿਸ਼ਤਗਰਦਾਂ ਨੇ ਕੁਝ ਨਾਗਰਿਕਾਂ ਨੂੰ ਇਕ ਘਰ ਦੇ ਵਿੱਚ ਬੰਧਕ ਬਣਾਇਆ ਹੋਇਆ ਸੀ। ਮੁੱਖ ਮੰਤਰੀ ਨੇ ਅਤਿਵਾਦੀਆਂ ਦੇ ਇਸ ਕਾਰੇ ਨੂੰ ਸ਼ਰਮਨਾਕ ਅਤੇ ਕਾਇਰਤਾ ਪੂਰਨ ਕਾਰਵਾਈ ਦੱਸਦਿਆਂ ਕਿਹਾ ਕਿ ਜਦੋਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਸਣੇ ਪੂਰਾ ਵਿਸ਼ਵ ਕੋਵਿਡ ਮਹਾਮਾਰੀ ਖਿਲਾਫ ਲੜ ਰਿਹਾ ਹੈ ਤਾਂ ਪਾਕਿਸਤਾਨ ਵੱਲੋਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜ਼ਾਮ ਦਿੰਦਿਆਂ ਸਰਹੱਦ ਪਾਰ ਅਜਿਹੇ ਹਮਲੇ ਕਰਨੇ ਜਾਰੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਅਤਿਵਾਦ ਨੂੰ ਕਿਸੇ ਵੀ ਸਮੇਂ ਅਣਡਿੱਠ ਨਹੀਂ ਕੀਤਾ ਸਕਦਾ ਪਰ ਮੌਜੂਦਾ ਨਾਜ਼ੁਕ ਸਮੇਂ ਅਜਿਹੀ ਕਾਰਵਾਈ ਨੂੰ ਅੰਜ਼ਾਮ ਦੇਣਾ ਪਾਕਿਸਤਾਨ ਵਾਲੇ ਪਾਸਿਓਂ ਸ਼ਰਮ ਦੀ ਘਾਟ ਨਜ਼ਰ ਆਉਂਦੀ ਹੈ ਜੋ ਆਪਣੇ ਨਿੱਜੀ ਮੁਫਾਦਾਂ ਲਈ ਮੌਕੇ ਦੀ ਵਰਤੋਂ ਕਰਨ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਸੁਰੱਖਿਆ ਜਵਾਨਾਂ ‘ਤੇ ਅਜਿਹੇ ਹਮਲੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੋਵਿਡ ਵਿਰੁੱਧ ਜੰਗ ਦੌਰਾਨ ਕਿਸੇ ਨੂੰ ਵੀ ਇਸ ਔਖੇ ਸਮੇਂ ‘ਚੋਂ ਗੁਜ਼ਰ ਰਹੇ ਸਾਡੇ ਮੁਲਕ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ।