Pakistan detains Seventeen Indian : ਪਾਕਿਸਤਾਨ ਨੇ 17 ਭਾਰਤੀ ਮਛੇਰਿਆਂ ਨੂੰ ਦੇਸ਼ ਦੇ ਪਾਣੀਆਂ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਕਿਸ਼ਤੀਆਂ ਜ਼ਬਤ ਕਰ ਲਈਆਂ ਹਨ। ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀਐਮਐਸਏ) ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਮਛੇਰਿਆਂ ਨੂੰ ਸ਼ਨੀਵਾਰ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਅਧਿਕਾਰੀ ਨੇ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਪਾਕਿਸਤਾਨ ਦੇ ਪਾਣੀ ਵਾਲੇ ਖੇਤਰ ਵਿਚ ਹਨ ਅਤੇ ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਚਿਤਾਵਨੀ ਨਹੀਂ ਸੁਣੀ। ਬੁਲਾਰੇ ਨੇ ਕਿਹਾ ਕਿ ਤੇਜ਼ ਰਫਤਾਰ ਕਿਸ਼ਤੀਆਂ 17 ਮਛੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਵਰਤੀਆਂ ਗਈਆਂ ਜੋ ਪਾਕਿਸਤਾਨ ਅਤੇ ਭਾਰਤ ਦਰਮਿਆਨ ਤੱਟਵਰਤੀ ਸਰਹੱਦ ਸਰ ਕ੍ਰੀਕ ਨੇੜੇ ਪਾਕਿਸਤਾਨ ਦੇ ਪਾਣੀਆਂ ਦੇ 10-15 ਨੌਟਿਕਲ ਮੀਲ ਦੇ ਅੰਦਰ ਸਨ। ਭਾਰਤੀ ਮਛੇਰਿਆਂ ਨੂੰ ਕਰਾਚੀ ਦੀ ਮਲੀਰ ਜਾਂ ਲਾਂਧੀ ਜੇਲ ਭੇਜਿਆ ਜਾਂਦਾ ਹੈ। ਇਹ ਗ੍ਰਿਫਤਾਰੀ ਇਕ ਸਾਲ ਦੇ ਅੰਤਰਾਲ ਤੋਂ ਬਾਅਦ ਹੋਈ ਜਦੋਂ 23 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਚਾਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਸਮੁੰਦਰੀ ਸੁਰੱਖਿਆ ਏਜੰਸੀ ਨੇ ਜ਼ਬਤ ਕਰ ਲਿਆ।
ਦੱਸਣਯੋਗ ਹੈ ਕਿ ਪਾਕਿਸਤਾਨ ਅਤੇ ਭਾਰਤ ਅਕਸਰ ਇਕ ਦੂਜੇ ਦੇ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਹਨ ਕਿਉਂਕਿ ਅਰਬ ਸਾਗਰ ਵਿਚ ਸਮੁੰਦਰੀ ਸੀਮਾ ਦੀ ਕੋਈ ਸਪੱਸ਼ਟ ਸੀਮਾ ਨਹੀਂ ਹੈ ਅਤੇ ਮਛੇਰਿਆਂ ਕੋਲ ਆਪਣੀ ਸਹੀ ਜਗ੍ਹਾ ਜਾਣਨ ਲਈ ਤਕਨਾਲੋਜੀ ਨਾਲ ਲੈਸ ਕਿਸ਼ਤੀਆਂ ਨਹੀਂ ਹਨ। ਸੁਸਤ ਅਫਸਰਸ਼ਾਹੀ ਅਤੇ ਲੰਬੀ ਕਾਨੂੰਨੀ ਪ੍ਰਕਿਰਿਆਵਾਂ ਕਾਰਨ ਮਛੇਰੇ ਆਮ ਤੌਰ ‘ਤੇ ਕਈਂ ਮਹੀਨਿਆਂ ਤੱਕ ਜੇਲ੍ਹਾਂ ਵਿੱਚ ਰਹਿੰਦੇ ਹਨ ਅਤੇ ਕਈ ਵਾਰ ਤਾਂ ਸਾਲਾਂ ਤੱਕ।