Parents only son dies : ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਆਦਮਪੁਰ ਦੇ ਪਿੰਡ ਮਨਸੂਰਪੁਰ ਬਡਾਲਾ ਦੇ ਇੱਕ ਨੌਜਵਾਨ ਦੀ ਦਿੱਲੀ ਕਿਸਾਨ ਮੋਰਚੇ ਤੋਂ ਪਰਤਣ ਵੇਲੇ ਟਰੈਕਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 18 ਸਾਲਾ ਅਰਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਿਲੀ ਜਾਣਕਾਰੀ ਮੁਤਾਬਕ ਅਰਸ਼ਪ੍ਰੀਤ 29 ਮਾਰਚ ਨੰ ਨੂੰ ਦਿੱਲੀ ਕਿਸਾਨ ਮੋਰਚੇ ਵਿੱਚ ਹਿੱਸਾ ਲੈਣ ਗਿਆ ਸੀ। ਅੱਜ ਉਹ ਉਥੋਂ ਟਰੈਕਟਰ ’ਤੇ ਆਪਣੇ ਸਾਥੀਆਂ ਨਾਲ ਵਾਪਿਸ ਪਰਤ ਰਿਹਾ ਸੀ। ਹਰਿਆਣੇ ਦੇ ਪਾਣੀਪਤ ਦੇ ਕੋਲ ਉਹ ਟਰੈਕਟਰ ਦੇ ਮਗਰਾਟ ਤੋਂ ਡਿੱਗ ਪਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਅੱਜ 125ਵਾਂ ਦਿਨ ਹੈ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਜ਼ਿੱਦ ’ਤੇ ਪਿਛਲੇ 4 ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਸੜਕਾਂ’ ਤੇ ਅੰਦੋਲਨ ਕਰ ਰਹੇ ਹਨ । ਕਿਸਾਨ ਆਗੂ ਲਗਾਤਾਰ ਕਹਿ ਰਹੇ ਹਨ ਕਿ ਇਹ ਅੰਦੋਲਨ ਤਿੰਨ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਉਥੇ ਕੇਂਦਰ ਸਰਕਾਰ ਇਸ ਬਾਰੇ ਕੋਈ ਫੈਸਲਾ ਨਹੀਂ ਲੈ ਰਹੀ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਕਦੇ ਠੰਡ ਨਾਲ, ਕਦੇ ਬੀਮਾਰੀ ਨਾਲ ਤੇ ਕਦੇ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ਪਰ ਅਜੇ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹ ਅੰਦੋਲਨ ਹੋਰ ਕਿੰਨੀ ਦੇਰ ਚੱਲੇਗਾ।