ਦੇਸ਼ ਦੇ ਉੱਤਰੀ ਰਾਜਾਂ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਸ਼ ਜਾਰੀ ਹੈ, ਜਦੋਂ ਕਿ ਇਸ ਕਾਰਨ ਇਨ੍ਹਾਂ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਮੀਂਹ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਉੱਤਰਾਖੰਡ ਦੇ ਕਾਮੇੜਾ ’ਚ ਭਾਰੀ ਮੀਂਹ ਕਾਰਨ ਗੌਚਰ-ਬਦਰੀਨਾਥ ਹਾਈਵੇਅ ਦਾ ਕੁੱਝ ਹਿੱਸਾ ਰੁੜ੍ਹ ਗਿਆ, ਜਿਸ ਕਾਰਨ ਚਾਰ ਧਾਮ ਯਾਤਰਾ ਪ੍ਰਭਾਵਿਤ ਹੋਈ ਹੈ।
ਜਾਣਕਾਰੀ ਅਨੁਸਾਰ ਚਮੋਲੀ ਜ਼ਿਲ੍ਹੇ ‘ਚ ਬਦਰੀਨਾਥ ਰਾਸ਼ਟਰੀ ਰਾਜਮਾਰਗ ਦਾ ਕਰੀਬ 200 ਮੀਟਰ ਪਾਣੀ ਵਹਿ ਗਿਆ ਹੈ, ਜਿੱਥੇ ਹਾਈਵੇਅ ਬੰਦ ਹੋਣ ਕਾਰਨ 1000 ਤੋਂ ਵੱਧ ਸ਼ਰਧਾਲੂ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਸੜਕ ਦੀ ਮੁਰੰਮਤ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਰਸਤਾ ਖੁੱਲ੍ਹਣ ਵਿੱਚ ਦੋ-ਤਿੰਨ ਦਾ ਸਮਾਂ ਲੱਗਣ ਦੀ ਸੰਭਾਵਨਾ ਨੂੰ ਦੇਖਦਿਆਂ ਪੁਲੀਸ ਨੇ ਕਰਨਪ੍ਰਯਾਗ ਅਤੇ ਬਦਰੀਨਾਥ ਜਾਣ ਵਾਲੇ ਰਾਹਗੀਰਾਂ ਨੂੰ ਬਦਲਵੇਂ ਰਾਹ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਮੌਕੇ ਦਾ ਜਾਇਜ਼ਾ ਲੈਣ ਪੁੱਜੇ ਰੁਦਰਾਪ੍ਰਯਾਗ ਦੀ ਐੱਸਪੀ ਵਿਸ਼ਾਖਾ ਅਸ਼ੋਕ ਭਦਾਨੇ ਨੇ ਦੱਸਿਆ ਕਿ ਛੋਟੇ ਵਾਹਨਾਂ ਨੂੰ ਰੁਦਰਾਪ੍ਰਯਾਗ ਰਾਹੀਂ ਕਰਨਪ੍ਰਯਾਗ ਜਾਂ ਗੋਪੇਸ਼ਵਰ, ਬੇਲਨੀ ਬਰਿੱਚ, ਕੁਲੈਕਟੋਰੇਟ, ਸਤੇਰਾਖ਼ਲ, ਦੁਰਗਾਧਾਰ, ਚੋਪਤਾ, ਮੋਹਨਖ਼ਲ ਅਤੇ ਪੋਖਰੀ ਵੱਲ ਤਬਦੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਜੂਨ ਤੋਂ ਹੁਣ ਤੱਕ ਬੱਦਲ ਫਟਣ ਦੀਆਂ 35 ਘਟਨਾਵਾਂ ਵਾਪਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਰਿਸ਼ਵਤਖੋਰ ਪਟਵਾਰੀ ਦੀ ਕਰਤੂਤ! ਰੰਗੇ ਹੱਥੀਂ ਫੜੇ ਜਾਣ ਮਗਰੋਂ ਨਿਗਲੇ 500 ਦੇ ਕਈ ਨੋਟ
ਪਿਛਲੇ 24 ਦਿਨਾਂ ‘ਚ 27 ਵਾਰ ਬੱਦਲ ਫਟ ਚੁੱਕੇ ਹਨ। ਹੜ੍ਹ ਕਾਰਨ 158 ਲੋਕਾਂ ਦੀ ਮੌਤ ਹੋ ਚੁੱਕੀ ਹੈ। 606 ਘਰ ਢਹਿ ਗਏ ਅਤੇ 5,363 ਘਰ ਨੁਕਸਾਨੇ ਗਏ। ਦੂਜੇ ਪਾਸੇ ਦਿੱਲੀ ‘ਚ ਮੁੜ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ, ਜਦਕਿ ਯਮੁਨਾ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਮੰਗਲਵਾਰ ਸਵੇਰੇ ਪਾਣੀ ਦਾ ਪੱਧਰ 205.45 ਦਰਜ ਕੀਤਾ ਗਿਆ। ਅੱਜ ਇੱਥੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: