Pathankot police raid drug : ਪਠਾਨਕੋਟ ਦੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ-ਹਿਮਾਚਲ ਸਰਹੱਦ ‘ਤੇ ਪੈਂਦੇ ਇੱਕ ਨਸ਼ਾ ਸਮੱਗਲਰ ਦੇ ਘਰ ਛਾਪਾ ਮਾਰਿਆ ਗਿਆ, ਜਿਥੇ ਥਾਣਾ ਡਮਟਾਲ ਦੀ ਪੁਲਿਸ ਨੇ ਹੈਰੋਇਨ, ਨਸ਼ੀਲੇ ਪਦਾਰਥ, ਗਹਿਣੇ ਅਤੇ ਵਾਹਨ ਬਰਾਮਦ ਕੀਤੇ ਹਨ, ਉਥੇ ਹੀ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਕ ਨੌਜਵਾਨ ਫਰਾਰ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨਸ਼ਾ ਸਮੱਗਲਰ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਬਚਨੀ, ਲਵਜੀਤ ਅਤੇ ਅਨੂ ਬਾਲਾ ਵਜੋਂ ਹੋਈ ਹੈ ਜੋ ਭਦਰੋਆ ਦੇ ਰਹਿਣ ਵਾਲੇ ਹਨ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਕਰਨ ਫਰਾਰ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਪੀ ਨੂਰਪੁਰ ਅਸ਼ੋਕ ਰਤਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਭਾਦਰੋਆ ਦਾ ਉਕਤ ਪਰਿਵਾਰ ਨਸ਼ਾ ਸਮੱਗਲਿੰਗ ਦਾ ਕੰਮ ਕਰਦਾ ਹੈ। ਇਸ ਤੋਂ ਬਾਅਦ ਪ੍ਰੋਬੇਸ਼ਨਲ ਡੀਐਸਪੀ ਦੇਵ ਰਾਜ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਗਿਆ ਜਿਥੋਂ ਤਿੰਨ ਮੁਲਜ਼ਮ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਇੱਕ ਨੂੰ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਅਲਮਾਰੀ ਵਿਚੋਂ 103.73 ਗ੍ਰਾਮ ਹੈਰੋਇਨ, 2 ਲੱਖ 19 ਹਜ਼ਾਰ 220 ਰੁਪਏ ਦੀ ਨਸ਼ੀਲੀ ਪਨੀਰੀ, 23 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰੋਂ ਤਿੰਨ ਕਾਰਾਂ ਵਰਨਾ, ਮਾਰੂਤੀ ਅਤੇ ਇਨੋਵਾ ਨੂੰ ਜ਼ਬਤ ਕੀਤਾ ਗਿਆ ਹੈ। ਏਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਫਰਾਰ ਮੁਲਜ਼ਮ ਕਰਨ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।