ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੇ ਮਹਾਨ ਖਿਡਾਰੀ ਮਿਲਖਾ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ। ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਆਸ ਕੀਤੀ ਕਿ ਉਹ ਜਲਦੀ ਹੀ ਟੌਕਿਓ ਓਲੰਪਿਕ ਵਿੱਚ ਹਿੱਸਾ ਲੈ ਰਹੇ ਐਥਲੀਟਾਂ ਨੂੰ ਅਸ਼ੀਰਵਾਦ ਦੇਣ ਅਤੇ ਪ੍ਰੇਰਿਤ ਕਰਨ ਲਈ ਵਾਪਸ ਆ ਜਾਣਗੇ।
ਪ੍ਰਸਿੱਧ ਭਾਰਤੀ ਸਪ੍ਰਿੰਟਰ ਮਿਲਖਾ ਸਿੰਘ ਕੁਝ ਦਿਨ ਪਹਿਲਾਂ ਕੋਰੋਨਾ ਪਾਜੀਟਿਵ ਪਾਏ ਗਏ ਸਨ। ਬੀਤੇ ਵੀਰਵਾਰ ਨੂੰ ਆਕਸੀਜਨ ਲੈਵਲ ਘਟਣ ਕਾਰਨ ਮਿਲਖਾ ਸਿੰਘ ਨੂੰ PGIMER ਦੇ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਸੀ। ਹੁਣ ਉਥੇ ਉਨ੍ਹਾਂ ਦੀ ਸਥਿਤੀ ਸਥਿਰ ਹੈ। ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਫਲਾਈਂਗ ਸਿੱਖ ਵਜੋਂ ਜਾਣੇ ਜਾਂਦੇ 91 ਸਾਲਾ ਮਿਲਖਾ ਸਿੰਘ ਦੀ ਤਬੀਅਤ ਹੁਣ ਬਿਲਕੁਲ ਠੀਕ ਦੱਸੀ ਜਾ ਰਹੀ ਹੈ।
ਮਹਾਨ ਐਥਲੀਟ ਚਾਰ ਵਾਰ ਦਾ ਏਸ਼ੀਅਨ ਖੇਡਾਂ ਦਾ ਸੋਨ ਤਮਗਾ ਜਿੱਤ ਚੁੱਕੇ ਹਨ ਅਤੇ 1958 ਵਿਚ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਰਹਿ ਚੁੱਕੇ ਹਨ ਪਰ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਦਰਸ਼ਨ 1960 ਦੇ ਰੋਮ ਓਲੰਪਿਕ ਵਿੱਚ 400 ਮੀਟਰ ਫਾਈਨਲ ਵਿੱਚ ਚੌਥਾ ਸਥਾਨ ਪ੍ਰਾਪਤ ਕਰਨ ਵਾਲਾ ਸੀ। ਇਟਲੀ ਦੀ ਰਾਜਧਾਨੀ ਵਿਖੇ ਉਨ੍ਹਾਂ ਦਾ 38 ਸਾਲਾਂ ਤੱਕ ਕੌਮੀ ਰਿਕਾਰਡ ਰਿਹਾ ਜਦੋਂ ਤੱਕ ਕਿ ਪਰਮਜੀਤ ਸਿੰਘ ਨੇ 1998 ਵਿੱਚ ਇਸਨੂੰ ਤੋੜਿਆ। ਉਨ੍ਹਾਂ ਨੇ 1956 ਅਤੇ 1964 ਓਲੰਪਿਕ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 1959 ਵਿੱਚ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ।
ਇਹ ਵੀ ਪੜ੍ਹੋ : ਕੀ ਕੈਪਟਨ ਬਣੇ ਰਹਿਣਗੇ ਪੰਜਾਬ ਕਾਂਗਰਸ ਦੇ ਕਪਤਾਨ ! CM ਅਮਰਿੰਦਰ ਅੱਜ ਦਿੱਲੀ ਵਿੱਚ ਪੈਨਲ ਨਾਲ ਕਰਨਗੇ ਮੁਲਾਕਾਤ