ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਆ ਰਹੇ ਹਨ। ਕੁਰੂਕਸ਼ੇਤਰ ਵਿਚ ਇਹ ਉਨ੍ਹਾਂ ਦਾ 6ਵਾਂ ਦੌਰਾ ਹੋਵੇਗਾ। ਪ੍ਰਧਾਨ ਮੰਤਰੀ ਦੁਪਹਿਰ 4 ਵਜੇ ਦੇ ਕਰੀਬ ਕੁਰੂਕਸ਼ੇਤਰ ਪਹੁੰਚਣਗੇ। ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਮਾਗਮ ਵਿਚ ਪਹੁੰਚਣਗੇ। ਇਸ ਸਮਾਗਮ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਗੁਰੂ ਨੂੰ ਸਮਰਪਿਤ ਇਕ ਸਿੱਕਾ ਤੇ ਡਾਕ ਟਿਕਟ ਜਾਰੀ ਕਰਨਗੇ। ਇਸ ਮਗਰੋਂ ਪ੍ਰਧਾਨ ਮੰਤਰੀ ਇੰਟਰਨੈਸ਼ਨਲ ਗੀਤਾ ਜਯੰਤੀ ਮਹਾਉਤਸਵ ਵਿਚ ਸ਼ਾਮਲ ਹੋਣਗੇ ਤੇ ਬ੍ਰਹਮਸਰੋਵਰ ‘ਤੇ ਸ਼ਾਮ ਦੀ ਆਰਤੀ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਲਗਭਗ ਢਾਈ ਘੰਟੇ ਕੁਰੂਕਸ਼ੇਤਰ ਵਿਚ ਰੁਕਣਗੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਸਮਾਗਮ ਲਈ 155 ਏਕੜ ਵਿਚ ਵੱਖ-ਵੱਖ ਪੰਡਾਲ ਬਣਾਏ ਗਏ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਤੇ ਦਿਨੀਂ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਪੰਡਾਲ ਨੂੰ 25 ਏਕੜ ਵਿਚ ਬਣਾਇਆ ਗਿਆ ਹੈ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੋਣਗੇ। ਮੰਚ ਦੇ ਇਕ ਪਾਸੇ 350 ਬੱਚੀਆਂ ਕੀਰਤਨ ਕਰਨਗੀਆਂ ਜਦੋਂ ਕਿ ਦੂਜੇ ਪਾਸੇ PM ਮੋਦੀ ਤੇ ਹੋਰ ਨੇਤਾ ਬੈਠਣਗੇ. ਇਸ ਮੁੱਖ ਪੰਡਾਲ ਵਿਚ ਬੈਠਣ ਲਈ ਕੋਈ ਕੁਰਸੀ ਨਹੀਂ ਹੋਵੇਗੀ। ਸਾਰੇ ਹੇਠਾਂ ਜ਼ਮੀਨ ‘ਤੇ ਹੀ ਬੈਠਣਗੇ ਤੇ ਗੁਰੂ ਗ੍ਰੰਥ ਸਾਹਿਬ ਮੰਚ ਤੋਂ ਲਗਭਗ ਢਾਈ ਫੁੱਟ ਉਪਰ ਬਿਰਾਜਮਾਨ ਰਹਿਣਗੇ।
ਇਹ ਵੀ ਪੜ੍ਹੋ : ਅੱਜ PM ਮੋਦੀ ਰਾਮ ਮੰਦਿਰ ਦੇ ਸਿਖਰ ‘ਤੇ ਲਹਿਰਾਉਣਗੇ ਝੰਡਾ, 1000 ਕੁਇੰਟਲ ਫੁੱਲਾਂ ਨਾਲ ਸਜੀ ਹੈ ਅਯੁੱਧਿਆ
ਮੁੱਖ ਪੰਡਾਲ ਕੋਲ ਹੀ 2 ਜੋੜਾ ਘਰ ਸਥਾਪਤ ਕੀਤੇ ਗਏ ਹਨ। ਸੰਗਤ ਨੂੰ ਜੋੜਾ ਘਰ ਵਿਚ ਹੀ ਆਪਣੇ ਜੋੜੇ ਜਮ੍ਹਾ ਕਰਵਾਉਣੇ ਪੈਣਗੇ। ਉਸ ਦੇ ਬਾਅਦ ਉਨ੍ਹਾਂ ਨੂੰ ਮੁੱਖ ਪੰਡਾਲ ਵਿਚ ਐਂਟਰੀ ਮਿਲੇਗੀ। ਹਰ ਪੰਡਾਲ ਵਿਚ 2 ਲੰਗਰ ਹਾਲ ਵੀ ਬਣਾਏ ਗਏ ਸਨ ਜਿਥੇ ਸਵੇਰ ਤੋਂ ਸ਼ਾਮ ਤੱਕ ਲੰਗਰ ਚੱਲੇਗਾ। ਪੀਐੱਮ ਮੋਦੀ ਤੇ ਹੋਰ ਨੇਤਾ ਵੀ ਇਸ ਹਾਲ ਵਿਚ ਗੁਰੂ ਦਾ ਲੰਗਰ ਛਕਣਗੇ। ਲੰਗਰ ਹਾਲ ਤਕਰੀਬਨ 10-10 ਏਕੜ ਵਿਚ ਬਣਾਇਆ ਗਿਆ ਹੈ। ਮੁੱਖ ਪੰਡਾਲ ਕੋਲ ਹੀ ਗੁਰੂਆਂ ਤੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਪ੍ਰਦਰਸ਼ਨੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਧਰਮ ਤੇ ਸਮਾਜ ਲਈ ਕੀਤੇ ਗਏ ਕੰਮ ਨੂੰ ਦਿਖਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























