Police employees found corona : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਜਿਥੇ ਕਪੂਰਥਲਾ ਵਿਚ 12 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਉਥੇ ਭਵਾਨੀਗੜ੍ਹ ਤੋਂ ਵੀ 11 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਕਪੂਰਥਲਾ ਸਬ-ਡਵੀਜ਼ਨ ਦੇ ਡੀਐਸਪੀ ਸਣੇ ਕਈ ਥਾਣਿਆਂ ਦੇ ਮੁਖੀਆ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹੁਣ ਤੱਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਕਪੂਰਥਲਾ ਵਿੱਚ ਅੱਜ ਮਿਲੇ 12 ਪੁਲਿਸ ਮੁਲਾਜ਼ਮ ਇੱਕੋ ਹੀ ਥਾਣਾ ਤਲਵੰਡੀ ਚਧੌਰੀਆ ਵਿੱਚ ਤੈਨਾਤ ਸਨ, ਜਿਸ ਵਿਚ ਥਾਣੇ ਦਾ ਐਸਐਚੳ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਇਕ ਏਐਸਆਈ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਨਾਲ ਥਾਣੇ ਤੋਂ ਕੁਲ 13 ਪਾਜ਼ੀਟਿਵ ਪੁਲਿਸ ਮੁਲਾਜ਼ਮ ਪਾਏ ਗਏ ਹਨ।
ਦੱਸਣਯੋਗ ਹੈ ਕਿ ਏਐਸਆਈ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇਥੇ ਤਾਇਨਾਤ 35 ਪੁਲਿਸ ਮੁਲਾਜ਼ਮਾਂ ਦੇ ਬੀਤੇ ਵੀਰਵਾਰ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚ ਅੱਜ 12 ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬਾਕੀ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਨੈਗਟਿਵ ਆਈ ਹੈ। ਪਾਜ਼ੀਟਿਵ ਆਏ ਸਾਰੇ ਮੁਲਾਜ਼ਮਾਂ ਨੂੰ ਕਪੂਰਥਲਾ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਥਾਣੇ ਵਿਚ ਇਕ ਹਫਤੇ ਲਈ ਪਬਲਿਕ ਡੀਲਿੰਗ ਵੀ ਬੰਦ ਕਰ ਦਿੱਤੀ ਗਈ ਹੈ।
ਉਧਰ ਭਵਾਨੀਗੜ੍ਹ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਵੱਖ-ਵੱਖ ਪਿੰਡਾਂ ਤੋਂ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਇਕ ਸੰਗਰੂਰ ਪੁਲਿਸ ਵੱਲੋਂ ਭੁੱਕੀ ਸਣੇ ਕਾਬੂ ਕੀਤਾ ਇਕ ਵਿਅਕਤੀ ਵੀ ਸ਼ਾਮਲ ਹੈ, ਜੋਕਿ ਮਾਝੀ ਪਿੰਡ ਦਾ ਰਹਿਣ ਵਾਲਾ ਹੈ। ਪੁਲਿਸ ਵੱਲੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਭਵਾਨੀਗੜ੍ਹ ਤੋਂ ਇਕ 15 ਸਾਲਾ ਲੜਕੀ, 40 ਸਾਲਾ ਵਿਅਕਤੀ, 45 ਸਾਲਾ ਵਿਅਕਤੀ, 16 ਸਾਲਾ ਲੜਕਾ, ਪਿੰਡ ਨੰਦਗੜ੍ਹ ਤੋਂ 44 ਸਾਲਾ ਵਿਅਕਤੀ, ਪਿੰਡ ਨਕਟੇ ਤੋਂ 38 ਸਾਲਾ ਔਰਤ ਤੇ 32 ਸਾਲਾ ਵਿਅਕਤੀ ਸ਼ਾਮਲ ਹਨ।