ਰੂਸ ਤੇ ਯੂਕਰੇਨ ਵਿਚਾਲੇ ਸ਼ਨੀਵਾਰ ਨੂੰ 10ਵੇਂ ਦਿਨ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਦੋ ਉਨ੍ਹਾਂ ਦੇ ਦੇਸ਼ ਛੱਡ ਕੇ ਪੋਲੈਂਡ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਇਸ ਵੀਡੀਓ ਵਿੱਚ ਜ਼ੇਲੇਂਸਕੀ ਯੂਰਪ ਦੇ ਲੋਕਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਯੂਕਰੇਨ ਦਾ ਸਮਰਥਨ ਨਾ ਕੀਤਾ ਗਿਆ ਤਾਂ ਯੂਰਪ ਵੀ ਰੂਸ ਤੋਂ ਸੁਰੱਖਿਅਤ ਨਹੀਂ ਰਹੇਗਾ। ਜ਼ੇਲੇਂਸਕੀ ਆਪਣੇ ਭਾਸ਼ਣ ਵਿੱਚ ਯੂਰਪ ਦੇ ਲੋਕਾਂ ਨੂੰ ਕਹਿ ਰਹੇ ਹਨ ਕਿ “ਚੁੱਪ ਨਾ ਰਹੋ, ਯੂਕਰੇਨ ਦਾ ਸਮਰਥਨ ਕਰੋ, ਕਿਉਂਕਿ ਜੇਕਰ ਯੂਕਰੇਨ ਨਹੀਂ ਬਚੇਗਾ, ਤਾਂ ਪੂਰਾ ਯੂਰਪ ਨਹੀਂ ਬਚੇਗਾ। ਜੇਕਰ ਯੂਕਰੇਨ ਢਹਿ ਗਿਆ ਤਾਂ ਪੂਰਾ ਯੂਰਪ ਢਹਿ ਜਾਵੇਗਾ।”
ਜ਼ੈਪੋਰਿਜ਼ੀਆ ਪਰਮਾਣੂ ਪਲਾਂਟ ‘ਤੇ ਹਮਲੇ ਤੋਂ ਬਾਅਦ ਜ਼ੇਲੇਂਸਕੀ ਨੇ ਰੂਸ ‘ਤੇ ਪ੍ਰਮਾਣੂ ਅੱਤਵਾਦ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਾਸਕੋ ਪਰਮਾਣੂ ਦਹਿਸ਼ਤ ਦਾ ਸਹਾਰਾ ਲੈ ਰਿਹਾ ਹੈ ਅਤੇ ਚੇਰਨੋਬਲ ਤਬਾਹੀ ਨੂੰ ਦੁਹਰਾਉਣਾ ਚਾਹੁੰਦਾ ਹੈ। ਜ਼ੇਲੇਂਸਕੀ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ 15 ਪਰਮਾਣੂ ਰਿਐਕਟਰ ਹਨ, ਜੇਕਰ ਪਰਮਾਣੂ ਧਮਾਕਾ ਹੁੰਦਾ ਹੈ ਤਾਂ ਸਾਰੇ ਤਬਾਹ ਹੋ ਜਾਣਗੇ, ਪੂਰਾ ਯੂਰਪ ਖਤਮ ਹੋ ਜਾਵੇਗਾ। ਦੱਸ ਦੇਈਏ ਕਿ ਜ਼ਪੋਰਿਜ਼ੀਆ ਨਿਊਕਲੀਅਰ ਪਾਵਰ ਸਟੇਸ਼ਨ ਧਰਤੀ ਦਾ 9ਵਾਂ ਸਭ ਤੋਂ ਵੱਡਾ ਪਰਮਾਣੂ ਪਾਵਰ ਪਲਾਂਟ ਹੈ।
ਉੱਥੇ ਹੀ ਦੂਜੇ ਪਾਸੇ ਰੂਸ ਦੇ ਸਰਕਾਰੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨ ਛੱਡ ਕੇ ਪੋਲੈਂਡ ਵਿੱਚ ਸ਼ਰਨ ਲੈ ਲਈ ਹੈ। ਹਾਲਾਂਕਿ, ਅਜੇ ਤੱਕ ਜ਼ੇਲੇਂਸਕੀ ਜਾਂ ਯੂਕਰੇਨ ਦੀ ਸਰਕਾਰ ਵੱਲੋਂ ਅਜਿਹਾ ਕੋਈ ਇਨਕਾਰ ਨਹੀਂ ਕੀਤਾ ਗਿਆ ਹੈ। ਵੀਡੀਓ ਸੰਦੇਸ਼ ਵਿੱਚ ਵੀ ਜ਼ੇਲੇਂਸਕੀ ਨੇ ਇਸ ਖਬਰ ‘ਤੇ ਚਰਚਾ ਨਹੀਂ ਕੀਤੀ। ਹਾਲਾਂਕਿ, ਇਸ ਦੌਰਾਨ ਯੂਕਰੇਨ ਦੀ ਸੰਸਦ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਜ਼ੇਲੇਂਸਕੀ ਅਜੇ ਵੀ ਕੀਵ ਵਿੱਚ ਹਨ। ਦਰਅਸਲ, ਰੂਸੀ ਹਮਲੇ ਦੇ ਬਾਅਦ ਤੋਂ ਹੀ ਜ਼ੇਲੇਂਸਕੀ ਕਹਿ ਰਹੇ ਹਨ ਕਿ ਉਹ ਆਪਣਾ ਦੇਸ਼ ਛੱਡ ਕੇ ਭੱਜਣ ਵਾਲੇ ਨਹੀਂ ਹਨ। ਆਖਰੀ ਸਾਹ ਤੱਕ ਕੀਵ ਵਿੱਚ ਰਹਿਣਗੇ ।
ਵੀਡੀਓ ਲਈ ਕਲਿੱਕ ਕਰੋ -: