Prisoner Committed Suicide : ਅੰਬਾਲਾ ਦੀ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਇਥੇ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਖੂਬ ਗਰਮਾ ਗਿਆ ਹੈ, ਜਿਥੇ ਇੱਕ ਕੈਦੀ ਨੇ ਆਪਣੀ ਬਾਂਹ ’ਤੇ ਲਿਖੇ ਸੁਸਾਈਡ ਨੋਟ ਵਿੱਚ ਡਿਪਟੀ ਜੇਲਰ ਰਾਕੇਸ਼ ਲੋਹਚਰ ਦਾ ਨਾਂ ਲਿਖਿਆ ਹੈ। ਕੈਦੀ ਨੇ ਲਿਖਿਆ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਡਿਪਟੀ ਜੇਲਰ ਰਾਕੇਸ਼ ਲੋਹਚਰ ਹੈ। ਡਿਪਟੀ ਜੇਲਰ ‘ਤੇ ਲੱਗੇ ਗੰਭੀਰ ਦੋਸ਼ਾਂ ਦੌਰਾਨ ਦੋ ਦਿਨ ਪਹਿਲਾਂ ਉਨ੍ਹਾਂ ਦਾ ਤਬਾਦਲਾ ਪੰਚਕੂਲਾ ਜੇਲ੍ਹ ਵਿੱਚ ਕਰ ਦਿੱਤਾ।
ਦੱਸ ਦੇਈਏ ਕਿ ਅੰਬਾਲਾ ਸੈਂਟਰਲ ਜੇਲ੍ਹ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਹੈ ਕਿਉਂਕਿ ਇਥੇ ਖੁਦਕੁਸ਼ੀ ਦਾ ਮਾਮਲਾ ਪਹਿਲੀ ਵਾਰ ਨਹੀਂ ਹੋਇਆ ਹੈਾ। ਇਸ ਤੋਂ ਪਹਿਲਾਂ ਵੀ ਜੂਨ 2020 ਵਿੱਚ ਵੀ ਇੱਕ ਕੈਦੀ ਨੇ ਖੁਦਕੁਸ਼ੀ ਕੀਤੀ ਸੀ। ਪਿਛਲੇ ਇੱਕ ਹਫਤੇ ਤੋਂ ਜੇਲ੍ਹ ਪ੍ਰਸ਼ਾਸਨ ’ਤੇ ਕੈਦੀਆਂ ਨਾਲ ਮਾਰਕੁੱਟ ਦੇ ਦੋਸ਼ ਲੱਗ ਰਹੇ ਹਨ ਅਤੇ ਹੁਣ ਇੱਕ ਕੈਦੀ ਨੇ ਆਪਣੀ ਜੀਵਨ ਲੀਲਾ ਖਤਮ ਕਰਕੇ ਡਿਪਟੀ ਜੇਲਰ ਨੂੰ ਉਸ ਦਾ ਦੋਸ਼ੀ ਦੱਸਿਆ ਹੈ।
ਮ੍ਰਿਤਕ ਕੈਦੀ ਦੇ ਬੇਟੇ ਅਜੇ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ 20 ਸਾਲ ਦੀ ਸਜ਼ਾ ਹੋਈ ਸੀ ਪਰ ਬੁੱਧਵਾਰ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਬਾਂਹ ’ਤੇ ’ਰਾਕੇਸ਼ ਲੋਹਚਰ ਮੌਤ ਦਾ ਜ਼ਿੰਮੇਵਾਰ ਹੈ’ ਲਿਖਿਆ ਹੋਇਆ ਸੀ। ਇਸ ਮਾਮਲੇ ਵਿੱਚ ਡੀਐਸਪੀ ਸੁਲਤਾਨ ਸਿੰਘ ਨੇ ਦੱਸਿਆ ਕਿ ਇਕ ਕੈਦੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਨਾਂ ਵਿਜੇ ਹੈ। ਉਸ ਨੂੰ ਧਾਰਾ 302 ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਸੱਚ ਸਾਹਮਣੇ ਆਏਗਾ, ਉਸ ਅਧੀਨ ਕਾਰਵਾਈ ਕੀਤੀ ਜਾਵੇਗੀ।