Protests by migrant workers : ਲੌਕਡਾਊਨ ਦੌਰਾਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਸੂਬੇ ਵਿਚ ਫਸੇ ਹੋਏ ਹਨ। ਪੰਜਾਬ ਸਰਕਾਰ ਵਲੋਂ ਇਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਭੇਜਣ ਦੇ ਬਹੁਤ ਸਾਰੇ ਵਾਅਦੇ ਕੀਤੇ ਜਾ ਰਹੇ ਹਨ ਪਰ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੇ ਹਾਦਸਾਗ੍ਰਸਤ ਹੋਣ ਦੀ ਵੀ ਸੂਚਨਾ ਆਈ ਹੈ। ਹੁਣ ਤਾਂ ਹਾਲਾਤ ਇਹ ਹੋ ਗਏ ਹਨ ਕਿ ਇਹ ਪ੍ਰਵਾਸੀ ਮਜ਼ਦੂਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ ਹਨ।
ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਵੀਰਵਾਰ ਨੂੰ ਬਿਹਾਰ ਦੇ ਮਜ਼ਦੂਰਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ। ਮਜ਼ਦੂਰਾਂ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਉਹ ਦੋ ਦਿਨਾਂ ਤੋਂ ਰੇਲਵੇ ਸਟੇਸ਼ਨ ’ਤੇ ਬੈਠੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਕਦੋਂ ਭੇਜਿਆ ਜਾਵੇਗਾ। ਉਹ ਭੁੱਖੇ ਪਿਆਸੇ ਸਟੇਸ਼ਨ ’ਤੇ ਬੈਠੇ ਹੋਏ ਹਨ। ਜਿਵੇਂ ਹੀ ਮਜ਼ਦੂਰਾਂ ਨੂੰ ਪਤਾ ਲੱਗਾ ਕਿ ਸ਼ਾਮ ਨੂੰ ਉਨ੍ਹਾਂ ਨੂੰ ਸਪੈਸ਼ਲ ਟ੍ਰੇਨ ਰਾਹੀਂ ਬਿਹਾਰ ਭੇਜਿਆ ਜਾਵੇਗਾ ਉਦੋਂ ਹੀ ਉਨ੍ਹਾਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਪਲੇਟਫਾਰਮ ’ਤੇ ਇਕੱਠਾ ਹੋਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਸਮਝਾ ਬੁਝਾ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਇਆ ਗਿਆ ਇਸੇ ਤਰ੍ਹਾਂ ਬਿਹਾਰ ਦੇ ਦਰਭੰਗਾ ਜਿਲ੍ਹੇ ਦੇ ਰਾਮਯਾਦਵ ਨੇ ਕਿਹਾ ਕਿ ਉਹ ਦੋ ਦਿਨਾਂ ਤੋਂ ਰੇਲਵੇ ਸਟੇਸ਼ਨ ’ਤੇ ਬੈਠਾ ਹੈ ਪਰ ਪ੍ਰਸ਼ਾਸਨ ਵਲੋਂ ਉਸ ਦੀ ਕੋਈ ਖਬਰ ਨਹੀਂ ਲਈ ਗਈ।
ਇਸੇ ਤਰ੍ਹਾਂ ਬਠਿੰਡਾ ਵਿਚ ਇਕੱਠੇ ਹੋਏ ਮਜ਼ਦੂਰਾਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਜਦੋਂ ਪੁਲਿਸ ਵਲੋਂ ਮਜ਼ਦੂਰਾਂ ਨੂੰ ਰੋਕਣ ਲਈ ਬਲ ਦਾ ਇਸਤੇਮਾਲ ਕੀਤਾ ਗਿਆ ਤਾਂ ਮਜ਼ਦੂਰਾਂ ਵਿਚ ਭੱਜ-ਦੌੜ ਮਚ ਗਈ। ਨੰਗਲ ਵਿਚ ਵੀ 200 ਤੋਂ ਵੀ ਵਧ ਪ੍ਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਨੂੰ ਲੈ ਕੇ ਪਾਵਰਕਾਮ ਦਫਤਰ ਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਦੀ ਖਬਰ ਮਿਲਦੇ ਹੀ ਥਾਣਾ ਇੰਚਾਰਜ ਇੰਸਪੈਕਟਰ ਪਵਨ ਚੌਧਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਗੁੱਸੇ ਵਿਚ ਆਏ ਲੋਕਾਂ ਨੂੰ ਗੱਲ ਰਕੇ ਘਰ ਭੇਜਿਆ। ਇਸੇ ਤਰ੍ਹਾਂ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਰਾਸ਼ਨ ਨਾ ਮਿਲਣ ਕਾਰਨ ਵੀ ਪ੍ਰਵਾਸੀ ਮਜ਼ਦੂਰ ਬਹੁਤ ਪ੍ਰੇਸ਼ਾਨ ਹਨ। ਬਹੁਤ ਸਾਰੀਆਂ ਖੁਦਕੁਸ਼ੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦਾ ਜਿੰਮੇਵਾਰ ਕੌਣ ਹੈ?