ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੱਟੜਪੰਥੀ ਸੰਗਠਨ ਦੇ ਲੋਕਾਂ ਵੱਲੋਂ ਪਾਕਿਸਤਾਨ ਦੇ ਲਾਹੌਰ ਕਿਲ੍ਹੇ ਵਿੱਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਣ ਜਾਣ ਦੀ ਨਿਖੇਧੀ ਕੀਤੀ। ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਸਵਾਲ ਪੁੱਛਿਆ ਕਿ ਉਹ ਮੁੱਦੇ ‘ਤੇ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਅਜਿਹਾ ਤੀਜੀ ਵਾਰ ਹੋਇਆ ਹੈ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਚੁੱਪ ਰਹਿਣ ਦਾ ਕਾਰਨ ਇਮਰਾਨ ਖਾਨ ਅਤੇ ਜਨਰਲ ਬਾਜਵਾ ਨਾਲ ਉਹਨਾਂ ਦੀ ਦੋਸਤੀ ਤਾਂ ਨਹੀਂ ਹੈ। ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈਆਂ ਵੀਡਿਓਜ਼ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬੁੱਤ ਉੱਤੇ ਕੱਟੜਪੰਥੀ ਹਮਲਾਵਰ ਨੇ ਹਮਲਾ ਕਰ ਬੁੱਤ ਦੀਆਂ ਲੱਤਾਂ ਅਤੇ ਹੋਰ ਹਿੱਸੇ ਤੋੜ ਦਿੱਤੇ ਸਨ। ਹਮਲਾਵਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਵੀ, ਇੱਕ ਕੱਟੜਪੰਥੀ ਨੇ ਮੂਰਤੀ ਉੱਤੇ ਹਮਲਾ ਕਰ ਉਸਦਾ ਹੱਥ ਤੋੜ ਦਿੱਤਾ ਸੀ। ਹੋਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਲੋਕਾਂ ਨੇ ਉਸਨੂੰ ਫੜ ਲਿਆ ਸੀ। ਇਸ ਤੋਂ ਇਲਾਵਾ, ਇੱਕ ਵਾਰ ਫਿਰ ਭੀੜ ਨੇ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ : ਪੰਜਾਬ ‘ਚ ਘੱਟ ਹੋਏ ਕੋਰੋਨਾ ਕੇਸ, 24 ਘੰਟਿਆਂ ‘ਚ ਮਿਲੇ 54 ਨਵੇਂ ਮਾਮਲੇ, ਕੋਈ ਮੌਤ ਨਹੀਂ
ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਵੀ ਕਿਹਾ ਜਾਂਦਾ ਹੈ, ਨੂੰ ਵਿਸ਼ਵ ਦੇ ਸਭ ਤੋਂ ਬਹਾਦਰ ਯੋਧੇ ਰਾਜਿਆਂ ਵਜੋਂ ਸਰਾਹਿਆ ਅਤੇ ਸਤਿਕਾਰਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਉੱਪਰ ਪਾਕਿਸਤਾਨ ਵਿੱਚ ਹੋਏ ਹਮਲੇ ਨਾਲ ਨਾ ਸਿਰਫ ਭਾਰਤੀ, ਸਗੋਂ ਪਾਕਿਸਤਾਨੀ ਲੋਕਾਂ ਦੇ ਮਨਾਂ ਨੂੰ ਵੀ ਡੁੰਘੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਮਹਾਨ ਸ਼ਾਸਕ ਦੇ ਸਮਾਰਕਾਂ ਦੀ ਉਚਿਤ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਇਥੇ ਜ਼ਿਕਰਯੋਗ ਹੈ ਕਿ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਮੰਗਲਵਾਰ ਨੂੰ ਲਾਹੌਰ ਵਿਚ ਕੱਟੜਪੰਥੀ ਸੰਗਠਨਾਂ ਨੇ ਤੋੜ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਦੀ 180 ਵੀਂ ਬਰਸੀ ‘ਤੇ ਲਾਹੌਰ ਦੇ ਕਿਲ੍ਹੇ ਮਾਈ ਜਿੰਦਾ ਹਵੇਲੀ ਵਿਖੇ 2019 ਵਿੱਚ ਇਸ ਦੇ ਉਦਘਾਟਨ ਤੋਂ ਬਾਅਦ ਇਸ ਬੁੱਤ ਨੂੰ ਤੋੜਨ ਦੀ ਇਹ ਤੀਜੀ ਕੋਸ਼ਿਸ਼ ਸੀ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਵੱਲੋਂ 100 ਹਲਕੇ 100 ਦਿਨ ਪਾਰਟੀ ਯਾਤਰਾ ਸ਼ੁਰੂ, ਕਿਹਾ ‘ਸਾਡੀ ਭਰੋਸੇਯੋਗਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ’