ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਦੇ ਉਸ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਪਰ ਗਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ‘ਪਵਿਤਰ’ ਸੀਟਾਂ ਬੀਐਸਪੀ ਨੂੰ ਦੇ ਦਿੱਤੀਆਂ ਹਨ। ।
ਜਸਵੀਰ ਗੜ੍ਹੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੋ ਬਾਟੇ ਵਿਚ ਅੰਮ੍ਰਿਤ ਛਕਾ ਕੇ ਸੰਦੇਸ਼ ਦਿੱਤਾ ਸੀ ਕਿ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ। ਪਰ ਰਵਨੀਤ ਬਿੱਟੂ ਦਾ ਦੋ ਸੀਟਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਨੂੰ ਪਵਿੱਤਰ ਆਖ ਕੇ ਬਾਕੀ ਸਾਰੇ ਪੰਜਾਬ ਨੂੰ ਅਪਵਿੱਤਰ ਦੱਸਣਾ ਉਨ੍ਹਾਂ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ। ਕਾਂਗਰਸ ਦੇ ਰਵਨੀਤ ਬਿੱਟੂ ਦੇ ਪਵਿੱਤਰ ਅਪਵਿੱਤਰ ਬਿਆਨ ਨੂੰ ਲੈਕੇ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਭਾਰਤੀ ਜਨਤਾ ਪਾਰਟੀ ਵੀ ਹੁਣ ਸ਼ਾਮਲ ਹੋ ਚੁੱਕੀ ਹੈ।
ਇਸੇ ਤਹਿਤ ਹਰਦੀਪ ਪੁਰੀ ਨੇ ਬਿਆਨ ਦਿੱਤਾ ਪੰਥਕ ਸੀਟਾਂ ਮਾਇਆਵਤੀ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਸਦੀ ਨਿੰਦਾ ਕਰਦੀ ਹੈ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੇ ਖਿਲਾਫ਼ ਬਿਆਨਬਾਜੀ ਕਰਕੇ ਅਤੇ ਜਾਤੀਵਾਦੀ ਸੋਚ ਤਹਿਤ ਦਲਿਤਾਂ ਨੂੰ ਪਵਿੱਤਰ -ਅਪਵਿੱਤਰ ਤੇ ਗੈਰ ਪੰਥਕ ਦੱਸ ਕੇ ਜਾਣਬੁੱਝ ਅਪਮਾਨ ਕੀਤਾ ਹੈ ਜਿਸਦੇ ਖਿਲਾਫ਼ 21 ਜੂਨ ਨੂੰ ਬਸਪਾ ਪੰਜਾਬ ਸਮੁੱਚੇ ਪੰਜਾਬ ਵਿੱਚ ਡੀ.ਐਸ.ਪੀ ਪੱਧਰ ਤੇ ਰਵਨੀਤ ਬਿੱਟੂ, ਹਰਦੀਪ ਪੂਰੀ ਤੇ ਸੁਖਦੇਵ ਸਿੰਘ ਢੀਂਡਸਾ ਖਿਲਾਫ ਪੁਲਿਸ ਸਿਕਾਇਤ ਕੀਤੀ ਜਾਵੇਗੀ।
ਕਾਂਗਰਸ ਤੇ ਭਾਜਪਾ ਦੀ ਸਾਜ਼ਿਸ਼ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਿਲ ਹੈ। ਜਿਹੜੇ ਢੀਂਡਸਾ ਜੀ ਇੰਨਾ ਲੰਬਾ ਸਮਾਂ ਮਨੂੰਵਾਦ ਸੋਚ ਦਾ ਚੇਹਰਾ ਲੈਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ ਤੇ ਅੱਜ ਦਲਿਤਾਂ ਨੂੰ ਗੈਰ ਪੰਥਕ ਤੇ ਪੰਥਕ ਸੀਟਾਂ ਦੱਸ ਰਹੇ ਹਨ ਜਿਸ ਨਾਲ ਦਲਿਤਾਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪੁੱਜੀ ਹੈ।
ਇਹ ਵੀ ਪੜ੍ਹੋ : ਫਿਨਲੈਂਡ ‘ਚ ਵੀ ਪੰਜਾਬੀਆਂ ਨੇ ਗੱਡੇ ਝੰਡੇ, ਕਰਤਾਰਪੁਰ ਦੇ ਮਾਨਵ ਫੁਲ ਬਣੇ ਪਹਿਲੇ ਭਾਰਤੀ ਅਸੈਂਬਲੀ ਮੈਂਬਰ