Punjab Government has issued guidelines: ਚੰਡੀਗੜ੍ਹ, 29 ਮਈ : ਕਰੋਨਾਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਆਵਾਜਾਈ ਦੇ ਸਾਧਨਾਂ ਰਾਹੀਂ ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ, ਸੀਨੀਅਰ ਪੁਲਿਸ ਸੁਪਰਡੈਂਟ (ਐਸਪੀ) ਅਤੇ ਸਿਵਲ ਸਰਜਨਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰਾਂ ਅਤੇ ਕੋਵਿਡ ਹੈਲਥ ਸੈਕਟਰ ਰਿਸਪਾਂਸ ਤੇ ਪ੍ਰਕਿਓਰਮੈਂਟ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਕੋਵਾ ਐਪ ਡਾਊਨਲੋਡ ਕਰਨਾ ਲਾਜ਼ਮੀ ਹੈ ਜੋ ਚਲਦੀ ਰਹਿਣੀ ਚਾਹੀਦੀ ਹੈ ਅਤੇ ਰੇਲਵੇ ਸਟੇਸ਼ਨ ਤੋਂ ਆਸਾਨੀ ਨਾਲ ਨਿਕਲਣ ਲਈ ਇਸ ਐਪ ’ਤੇ ਖੁਦ ਈ-ਪਾਸ ਜਨਰੇਟ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਉਕਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਯਾਤਰੀਆਂ ਲਈ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਬੇਲੋੜੀ ਭੀੜ ਤੋਂ ਬਚਣ ਲਈ ਸਿਰਫ਼ ਪ੍ਰਮਾਣਿਤ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਪਲੇਟਫਾਰਮ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ ਅਤੇ ਉਨ੍ਹਾਂ ਨਾਲ ਕਿਸੇ ਹੋਰ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਕੋਵਾ ਐਪ ’ਤੇ ਇਸ ਵਿਸ਼ੇਸ਼ਤਾ ਜ਼ਰੀਏ, ਨਾਗਰਿਕ ਅੰਤਰ-ਜ਼ਿਲ੍ਹਾ ਪਾਸਾਂ ਲਈ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਖ਼ੁਦ ਪਾਸ ਜਨਰੇਟ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਪਾਸ ਸਰਕਾਰੀ ਅਥਾਰਟੀਆਂ ਨੂੰ ਸੰਪਰਕ ਟਰੇਸਿੰਗ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਵੀ ਸਹਾਇਤਾ ਕਰਨਗੇ। ਇਸ ਵਿਸ਼ੇਸ਼ਤਾ ਦਾ ਲਾਭ ਲੈਣ ਲਈ, ਨਾਗਰਿਕਾਂ ਨੂੰ ਕੋਵਾ ਐਪ ’ਤੇ ਖੁਦ ਅੰਤਰ-ਜ਼ਿਲ੍ਹਾ ਪਾਸ ਜਨਰੇਟ ਕਰਨਾ ਹੋਵੇਗਾ ਜਿਸਨੂੰ ਉਹ ਆਪਣੀ ਯਾਤਰਾ ਦੌਰਾਨ ਚੈਕਿੰਗ ਸਮੇਂ ਪੁਲਿਸ ਅਧਿਕਾਰੀਆਂ ਨੂੰ ਦਿਖਾ ਸਕਦੇ ਹਨ। ਇਸ ਵਿਸ਼ੇਸ਼ਤਾ ਤੋਂ ਇਲਾਵਾ ਕੋਵਾ ਐਪ ਜ਼ਰੂਰੀ ਸੇਵਾਵਾਂ ਤੱਕ ਪਹੁੰਚ, ਡਾਕਟਰੀ ਸਹਾਇਤਾ, ਕੰਟੈਕਟ ਹਿਸਟਰੀ ਟਰੇਸਿੰਗ, ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ -19 ਦੀ ਰੀਅਲ ਟਾਈਮ ਅਪਡੇਟਸ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਵਧੀਕ ਮੁੱਖ ਸਕੱਤਰ ਨੇ ਨਾਗਰਿਕਾਂ ਨੂੰ ਇਸ ਐਪ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।