Punjab Government has issued guidelines: ਮਾਨਸਾ: ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ *ਤੇ ਥੁੱਕਣ ਵਾਲੇ ਨੂੰ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਡਾਇਰਕੈਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਨੋਟੀਫਿਕੇਸ਼ਨ ਤਹਿਤ ਕੋਰੋਨਾ ਵਾਇਰਸ (ਕੋਵਿਡ—19) ਤਹਿਤ ਐਪੀਡੈਮਿਕ ਡੀਸਿਜ਼ ਐਕਟ 1897 ਤਹਿਤ ਉਲੰਘਣਾ ਕਰਨ ਵਾਲਿਆਂ ਲਈ ਜ਼ੁਰਮਾਨਿਆਂ ਵਿੱਚ ਵਾਧਾ ਕੀਤਾ ਗਿਆ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਾਅ ਰੱਖਣ ਸਬੰਧੀ ਸਾਵਧਾਨੀਆਂ ਦੀ ਲੋਕ ਸਹੀ ਢੰਗ ਨਾਲ ਪਾਲਣਾ ਕਰਨ। ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਸ ਸਬੰਧੀ ਜਨਤਕ ਥਾਵਾਂ *ਤੇ ਮਾਸਕ ਨਾ ਪਾਉਣ ਵਾਲਿਆਂ ਨੂੰ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੋ ਵਿਅਕਤੀ ਘਰ ਵਿੱਚ ਇਕਾਂਤਵਾਸ ਨਿਯਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਨੂੰ 2000 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ। ਜਨਤਕ ਥਾਵਾਂ *ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੀਆਂ ਦੁਕਾਨਾਂ/ਕਮਰਸ਼ੀਅਲ ਥਾਵਾਂ ਦੇ ਮਾਲਕਾਂ ਨੂੰ 2000 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਵੀ ਵੱਖੋ—ਵੱਖਰਾ ਜੁ਼ਰਮਾਨਾ ਕੀਤਾ ਜਾਵੇਗਾ ਜਿਵੇਂ ਬੱਸਾਂ ਦੇ ਮਾਲਕਾਂ ਨੂੰ 3000 ਰੁਪਏ, ਕਾਰ ਮਾਲਕ ਨੂੰ 2000 ਰੁਪਏ ਅਤੇ ਆਟੋ ਰਿਕਸ਼ਾ ਤੇ ਟੂ ਵਹੀਲਰ ਨੂੰ 500 ਰੁਪਏ ਦਾ ਜੁ਼ਰਮਾਨਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹਾਂਮਾਰੀ ਤੋਂ ਆਪਣਾ ਅਤੇ ਆਪਣੇ ਪਰਿਵਾਰ ਤੇ ਸਮਾਜ ਦਾ ਬਚਾਅ ਕਰਨ ਲਈ ਪੰਜਾਬ ਸਰਕਾਰ, ਜਿ਼ਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।