Punjab government would spend Rs 50 : ਪੰਜਾਬ ਸਰਕਾਰ ਵੱਲੋਂ ਇਸ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਰੋਕਥਾਮ ਲਈ ਵਿਆਪਕ ਹੜ੍ਹ ਪ੍ਰਬੰਧਨ ਕੰਮਾਂ ਉਤੇ 50 ਕਰੋੜ ਰੁਪਏ ਖਰਚੇ ਜਾਣਗੇ, ਜਿਸ ਵਿਚ ਡਰੇਨਾਂ ਦੀ ਸਫਾਈ ਵੀ ਸ਼ਾਮਲ ਹੋਵੇਗੀ। ਬੀਤੇ ਦਿਨ ਆਪਣੇ ਫੇਸਬੁੱਕ ਲਾਈਵ ਸੈਸ਼ਨ ‘ਕੈਪਟਨ ਨੂੰ ਸਵਾਲ’ ਦੌਰਾਨ ਮੁੱਖ ਮੰਤਰੀ ਨੇ ਹੜ੍ਹ ਪ੍ਰਬੰਧਨ ਦੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 2100 ਕਿਲੋਮੀਟਰ ਲੰਬੀਆਂ ਡਰੇਨਾਂ ਵਿੱਚੋਂ 1400 ਕਿਲੋ ਮੀਟਰ ਦੀ ਸਫਾਈ ਮੁਕੰਮਲ ਹੋ ਚੁੱਕੀ ਹੈ ਜਦੋਂ ਕਿ ਬਾਕੀ ਦਾ ਕੰਮ ਵੀ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਜ਼ੁਕ ਥਾਵਾਂ ਉਤੇ 42 ਹੋਰ ਹੜ੍ਹ ਰੋਕੋ ਪ੍ਰਾਜੈਕਟ ਵੀ ਵੱਡੇ ਪੱਧਰ ‘ਤੇ ਚੱਲ ਰਹੇ ਹਨ। ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਰੋਕਥਾਮ ਦੇ ਕੰਮਾਂ ਤਹਿਤ ਸੰਵੇਦਨਸ਼ੀਲ ਥਾਵਾਂ ਉਤੇ ਈ.ਸੀ. ਬੈਗ ਲਗਾਏ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਪਹਾੜੀ ਸਥਾਨਾਂ ‘ਤੇ ਬਰਫ ਪਿਘਲਣ ਕਾਰਨ ਭਾਖੜਾ ਡੈਮ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਆਉਣ ਕਾਰਨ ਸੂਬੇ ਵਿੱਚ ਆਏ ਹੜ੍ਹਾਂ ਨੂੰ ਧਿਆਨ ਵਿਚ ਰਖਦਿਆਂ ਇਸ ਸਾਲ ਇਸ ਦੀ ਰੋਕਥਾਮ ਲਈ ਕਈ ਉਪਾਅ ਕੀਤੇ ਜਾ ਰਹੇ ਹਨ, ਜਿਸ ਦੇ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਅਤੇ ਹਰਿਆਣਾ ਤੇ ਰਾਜਸਥਾਨ ਸਰਕਾਰਾਂ ਨੂੰ ਵਾਧੂ ਪਾਣੀ ਲਈ ਜਗ੍ਹਾ ਬਣਾਉਣ ਵਾਸਤੇ ਵਹਾਅ ਨੂੰ ਵਧਾਉਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਹਾਅ ਨੂੰ ਦੋ ਮਹੀਨੇ ਪਹਿਲਾ ਵਧਾ ਕੇ 30000 ਕਿਊਸਕ ਕਰ ਦਿੱਤਾ ਗਿਆ ਸੀ ਅਤੇ ਡੈਮ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 20 ਫੁੱਟ ਘੱਟ ਹੈ।
ਕੈਪਟਨ ਨੇ ਅੱਗੇ ਕਿਹਾ ਕਿ ਪੌਂਗ ਡੈਮ ਸਿਰਫ ਮੀਂਹ ਵਾਲਾ ਹੈ ਅਤੇ ਇਥੇ ਵਹਾਅ ਵਧਾ ਕੇ 15000 ਕਿਊਸਕ ਤੱਕ ਕਰ ਦਿੱਤਾ ਗਿਆ ਹੈ। ਇਸ ਵੇਲੇ ਡੈਮ ਵਿੱਚ ਪਾਣੀ ਦਾ ਪੱਧਰ 1335 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 8 ਫੁੱਟ ਜ਼ਿਆਦਾ ਹੈ। ਰਣਜੀਤ ਸਾਗਰ ਡੈਮ ਵਿੱਚੋਂ ਪਾਣੀ ਦਾ ਵਹਾਅ 14664 ਕਿਊਸਕ ਹੈ ਅਤੇ ਡੈਮ ਦਾ ਪੱਧਰ ਇਸ ਵੇਲੇ 512 ਫੁੱਟ ਹੈ ਜੋ ਕਿ ਪਿਛਲੇ ਸਾਲ ਨਾਲੋਂ 1 ਫੁੱਟ ਜ਼ਿਆਦਾ ਹੈ।