Punjab govt and Center have collusion : ਚੰਡੀਗੜ੍ਹ: ਫਸਲਾਂ ਦੀ ਖਰੀਦ ’ਤੇ ਸਿੱਧੀ ਅਦਾਇਗੀ ਦੇ ਕੇਂਦਰ ਦੇ ਫੈਸਲੇ ’ਤੇ ਕਿਸਾਨਾਂ ਤੇ ਆੜ੍ਹਤੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੰਡੀਆਂ ਵਿੱਚ ਕੱਲ੍ਹ ਤੋਂ ਫਸਲਾਂ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ, ਇਸ ਦਰਮਿਆਨ ਆੜ੍ਹਤੀਆਂ ਨੇ ਵੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਦੇ ਇਸ ਫੈਸਲੇ ਦਾ ਸਿਆਸੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਹਨ। ਅੱਜ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਅਤੇ ਸਿਕੰਦਰ ਸਿੰਘ ਮਲੂਕਾ ਨੇ ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕੀਤੀ ਅਤੇ ਕੇਂਦਰ ਦੀ ਇਸ ਨੀਤੀ ਵਿੱਚ ਪੰਜਾਬ ਸਰਕਾਰ ਦੀ ਵੀ ਮਿਲੀਭੁਗਤ ਦੱਸੀ। ਉਥੇ ਹੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਮੰਡੀਆਂ ਵਿੱਚ ਜਾ ਕੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਤਾਂਜੋ ਕੱਲ੍ਹ ਤੋਂ ਹੀ ਫਸਲਾਂ ਦੀ ਖਰੀਦ ਹੋ ਸਕੇ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਕੇਂਦਰ ਦੀ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਨੀਤੀ ਪੰਜਾਬ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਤੇ ਕੇਂਦਰੀ ਮੰਤਰੀ ਦੀ ਮਿਲੀਭੁਗਤ ਦਿਖਾਈ ਦਿੰਦੀ ਹੈ ਕਿਉਂਕਿ ਜਿਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਿਆਨ ਦਿੱਤਾ ਤਾਂ ਉਸ ਵਿੱਚ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਨੂੰ ਪੂਰੀ ਗੱਲ ਦਾ ਪਹਿਲਾਂ ਤੋਂ ਹੀ ਪਤਾ ਸੀ। ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਉਹ ਸਿਰਫ ਖਾਨਾਪੂਰਤੀ ਸਨ। ਪੰਜਾਬ ਦੇ ਮੰਤਰੀ ਪਹਿਲਾਂ ਵੀ ਇਸ ਗੱਲ ਨੂੰ ਮੰਨ ਚੁੱਕੇ ਹਨ। ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਿਆ ਤੇ ਹੁਣ ਕਿਸਾਨ ਆੜ੍ਹਤੀਆਂ ਦੇ ਵਿਚਾਲੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਮੁੱਦੇ ਸਾਹਮਣੇ ਆ ਰਹੇ ਹਨ ਕਿ ਜਦੋਂ ਫਸਲ ਕੱਟ ਕੇ ਮੰਡੀਆਂ ਵਿੱਚ ਆਉਣ ਨੂੰ ਮਜਬੂਰ ਹੈ ਤਾਂ ਇਥੇ ਦੇਰ ਹੋਈ ਜਦਕਿ ਹਰਿਆਣਾ ਵਿੱਚ ਪਹਿਲਾਂ ਹੀ ਖਰੀਦ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਉਥੇ ਮੰਡੀਆਂ ਵਿੱਚ ਖਰੀਦ ਪ੍ਰਬੰਧ ਵੀ ਪੂਰੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਰਸਾਨੀ ’ਤੇ ਮਾਰ ਪਾਈ ਜਾ ਰਹੀ ਹੈ ਜਦਕਿ ਕੇਂਦਰ ਪਹਿਲਾਂ ਕੀਮਤਾਂ ਨੂੰ ਵਧਾ ਚੁੱਕੀ ਹੈ ਤਾਂ ਪੰਜਾਬ ਸਰਕਾਰ ਨੇ ਵੀ ਇਸ ’ਤੇ ਸੈੱਸ ਲਗਾ ਦਿੱਤਾ ਹੈ। ਖਾਦ ਦੀਆਂ ਕੀਮਤਾਂ ਤੱਕ ਵੱਧ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਲੀਲ ਨਾਲ ਮੁੱਦਾ ਨਿਪਟਾਉਣਾ ਚਾਹੀਾਦ ਸੀ। ਫਰਦ ਲੈਣ ਦੇ ਮਕਸਦ ਇਹੀ ਹਨ ਕਿ ਖਾਦ ਦੀ ਜੋ ਸਬਸਿਡੀ ਹੈ ਉਹ ਜੇਕਰ ਕਿਸਾਨ ਠੇਕੇ ’ਤੇ ਜ਼ਮੀਨ ਲੈ ਕੇ ਕਿਸਾਨੀ ਕਰਦਾ ਹੈ ਤਾਂ ਉਸ ਦੇ ਪੈਸੇ ਜ਼ਮੀਨ ਮਾਲਿਕ ਕੋਲ ਜਾਣਗੇ। ਚੰਦੂਮਾਜਰਾ ਨੇ ਕਿਹਾ ਕਿ ਛੇਤੀ ਤੋਂ ਛੇਤੀ ਆੜ੍ਹਤੀਆਂ ਦੇ ਨਾਲ ਚੱਲ ਰਹੇ ਵਿਵਾਦ ਨੂੰ ਖਤਮ ਕਰਨ ਲਈ ਅਕਾਲੀ ਦਲ ਮੰਡੀਆਂ ਵਿੱਚ ਜਾਏਗਾ ਤਾਂਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਕੱਲ੍ਹ ਤੋਂ ਹੀ ਸ਼ੁਰੂ ਹੋਵੇ।