ਚੰਡੀਗੜ੍ਹ/ਐਸਏਐਸ ਨਗਰ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖਰੜ ਦੇ ਇਕ ਨੌਜਵਾਨ ਦੇ ਅਗਵਾ ਕਾਂਡ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਸੁਲਝਾ ਕੇ ਉਸ ਨੂੰ ਹਨੀ ਟਰੈਪ ਵਿੱਚ ਫਸਾਉਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਡੀਆਈਜੀ ਏਜੀਟੀਐਫ-ਕਮ-ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪੜ੍ਹਣ ਵਾਲੇ ਬੀ.ਈ. ਦੇ ਵਿਦਿਆਰਥੀ ਹਿਤੇਸ਼ ਭੂਮਲਾ ਨੂੰ ਸੁਰੱਖਿਅਤ ਬਚਾ ਲਿਆ ਹੈ। ਜਿਸ ਨੂੰ ਰਣਜੀਤ ਨਗਰ, ਖਰੜ ਵਿੱਚ ਕਿਰਾਏ ਦੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਬੰਦੀ ਬਣਾ ਕੇ ਰਖਿਆ ਗਿਆ ਸੀ। ਅਗਵਾਕਾਰ ਲੜਕੇ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕਰ ਰਹੇ ਸਨ।
ਫੜੇ ਗਏ ਤਿੰਨੋਂ ਵਿਅਕਤੀ ਹਰਿਆਣਾ ਤੋਂ ਹਨ, ਜਿਨ੍ਹਾਂ ਦੀ ਪਛਾਣ ਅਜੈ ਕਾਦੀਆਂ (25) ਵਾਸੀ ਪਿੰਡ ਜੱਟਲ, ਪਾਣੀਪਤ, ਸਿਰਸਾ ਦੇ ਪਿੰਡ ਅਬੂੜ ਦੇ ਅਜੈ (22) ਅਤੇ ਸੋਨੀਪਤ ਦੇ ਪਿੰਡ ਬਰੋਲੀ ਦੀ ਰਾਖੀ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇੱਕ ਹੌਂਡਾ ਸਿਟੀ ਕਾਰ, ਪੰਜ ਮੋਬਾਈਲ ਫ਼ੋਨ ਅਤੇ ਇੱਕ 32 ਬੋਰ ਦੇ ਪਿਸਤੌਲ ਸਣੇ 9 ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਡੀਆਈਜੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੂੰ ਹਿਤੇਸ਼ ਦੇ ਮਾਪਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਪੁੱਤਰ ਲਾਪਤਾ ਹੋ ਗਿਆ ਹੈ ਅਤੇ ਅਗਵਾਕਾਰ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਸਦਰ ਖਰੜ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 364-ਏ ਅਤੇ 365 ਦੇ ਤਹਿਤ ਪਹਿਲੀ ਸੂਚਨਾ ਰਿਪੋਰਟ (ਐਫ.ਆਈ.ਆਰ.) ਦਰਜ ਕਰ ਲਈ ਅਤੇ ਤੁਰੰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਖੁਫੀਆ ਏਜੰਸੀ ਦੀ ਅਗਵਾਈ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਵਾਪਰੀ ਦਿਲ ਕੰਬਾਊਂ ਘਟਨਾ, ਨਸ਼ੇੜੀ ਪਤੀ ਨੇ 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਗੁਰਸ਼ੇਰ ਸਿੰਘ, ਇੰਚਾਰਜ ਸੀਆਈਏ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿੱਚ ਸੀਆਈਏ ਕੁਰੂਕਸ਼ੇਤਰ ਦੀਆਂ ਟੀਮਾਂ ਨੇ ਸ਼ੁੱਕਰਵਾਰ ਤੜਕੇ ਮੁਲਜ਼ਮਾਂ ਨੂੰ ਫੜ ਕੇ ਪੀੜਤ ਨੂੰ ਬਰਾਮਦ ਕਰ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅੰਬਾਲਾ, ਹਰਿਦੁਆਰ ਅਤੇ ਗਾਜ਼ੀਆਬਾਦ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਸਰਗਰਮ ਸਨ।
ਮੋਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ ‘ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਉਸ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਦਾ ਲਾਲਚ ਦਿੱਤਾ। ਉਨ੍ਹਾਂ ਦੱਸਿਆ ਕਿ ਮਿਲਣ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਦਿਆਰਥੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਛੱਡਣ ਲਈ ਉਸਦੇ ਮਾਪਿਆਂ ਤੋਂ ਫਿਰੌਤੀ ਮੰਗੀ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: