ਕੋਰੋਨਾ ਦੀ ਦੂਜੀ ਲਹਿਰ ਰੁਕਦੀ ਨਜ਼ਰ ਆ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਮਾਮਲੇ ਘਟਦੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਹਾਲਾਤ ਭਿਆਨਕ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿਚ ਕੋਰੋਨਾ ਦੀ ਲਾਗ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਕੋਰੋਨਾ ਤੋਂ ਮੌਤ ਦਰ ਦੇ ਮਾਮਲੇ ਵਿਚ ਪੰਜਾਬ ਮਹਾਰਾਸ਼ਟਰ ਨੂੰ ਪਛਾੜ ਗਿਆ ਹੈ ਅਤੇ ਦੇਸ਼ ਵਿਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ।
ਮੰਗਲਵਾਰ ਨੂੰ ਪੰਜਾਬ ਵਿਚ ਮੌਤ ਦਰ 2.7 ਪ੍ਰਤੀਸ਼ਤ ਅਤੇ ਮਹਾਰਾਸ਼ਟਰ ਵਿਚ 2.0 ਪ੍ਰਤੀਸ਼ਤ ਦਰਜ ਕੀਤੀ ਗਈ। ਦੇਸ਼ ਵਿਚ ਇਹ ਦਰ 1.3 ਪ੍ਰਤੀਸ਼ਤ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਰਿਕਵਰੀ ਦੀ ਦਰ 97 ਪ੍ਰਤੀਸ਼ਤ ਹੋਣ ਕਾਰਨ ਰਾਜ ਵਿੱਚ ਹੁਣ ਤੱਕ 5.7 ਲੱਖ ਲੋਕ ਮਹਾਮਾਰੀ ਨੂੰ ਹਰਾ ਚੁੱਕੇ ਹਨ।
ਹੁਣ ਤੱਕ ਰਾਜ ਵਿਚ ਇੱਕ ਕਰੋੜ ਤੋਂ ਵੱਧ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 5 ਲੱਖ 97 ਹਜ਼ਾਰ ਪਾਜ਼ੀਟਿਵ ਪਾਏ ਗਏ ਹਨ। 16177 ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 1600 ਤੋਂ ਵੱਧ ਸਰਗਰਮ ਮਰੀਜ਼ ਹਨ। ਤਿੰਨ ਮਹੀਨੇ ਪਹਿਲਾਂ ਰਾਜ ਵਿੱਚ ਲਾਗ ਦੀ ਦਰ 13 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ, ਜੋ ਹੁਣ ਘੱਟ ਕੇ 0.36 ਪ੍ਰਤੀਸ਼ਤ ਹੋ ਗਈ ਹੈ।
ਇਹ ਵੀ ਪੜ੍ਹੋ : ਭਾਜਪਾ ਆਗੂਆਂ ਦੀ ਕੁੱਟਮਾਰ ਦਾ ਮਾਮਲਾ- ਸਾਥੀਆਂ ਨੂੰ ਹਿਰਾਸਤ ‘ਚ ਲੈਣ ‘ਤੇ ਭੜਕੇ ਕਿਸਾਨ, BJP ਵਰਕਰਾਂ ਨੇ ਵੀ ਲਾਇਆ ਧਰਨਾ
ਦੱਸਣਯੋਗ ਹੈ ਕਿ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 115 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 5 ਮਰੀਜ਼ਾਂ ਦੀ ਮੌਤ ਹੋ ਗਈ। ਹੁਣ ਤੱਕ 7663094 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 6216504 ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 1446590 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਮੰਗਲਵਾਰ ਨੂੰ 36628 ਲੋਕਾਂ ਨੇ ਟੀਕਾ ਲਗਾਇਆ।